ਪਾਬੰਦੀਆਂ ਨੂੰ ਚੁਣੌਤੀ ਦੇ ਰਹੀਆਂ ਇਰਾਨੀ ਔਰਤਾਂ
ਕੱਟੜ ਨਿਯਮ ਤੋੜ ਕੇ ਔਰਤਾਂ ਸਕੂਟਰ ਚਲਾਉਣ ਲੱਗੀਆਂ; ਸਥਾਨਕ ਲੋਕਾਂ ਦਾ ਮਿਲ ਰਿਹੈ ਸਾਥ
ਮੇਰਾਤ ਬਿਹਨਾਮ ਨੇ ਜਦੋਂ ਪਹਿਲੀ ਵਾਰ ਆਪਣੇ ਪੀਲੇ ਸਕੂਟਰ ’ਤੇ ਤਹਿਰਾਨ ਦੀਆਂ ਸੜਕਾਂ ’ਤੇ ਨਿਕਲਣ ਦਾ ਹੌਸਲਾ ਕੀਤਾ ਤਾਂ ਉਸ ਦੀ ਮੁੱਖ ਚਿੰਤਾ ਟਰੈਫਿਕ ਨਹੀਂ, ਸਗੋਂ ਲੋਕਾਂ ਦੀਆਂ ਘੂਰਦੀਆਂ ਨਜ਼ਰਾਂ ਅਤੇ ਫ਼ਿਕਰੇਬਾਜ਼ੀ ਸੀ। ਇਸ ਤੋਂ ਵੀ ਵੱਡਾ ਡਰ ਪੁਲੀਸ ਵੱਲੋਂ ਰੋਕੇ ਜਾਣ ਦਾ ਸੀ ਕਿਉਂਕਿ ਇਰਾਨ ਵਿੱਚ ਔਰਤ ਦਾ ਸਕੂਟਰ ਚਲਾਉਣਾ ਸਮਾਜਿਕ ਅਤੇ ਕਾਨੂੰਨੀ ਪਾਬੰਦੀਆਂ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ ਪਰ 38 ਸਾਲਾ ਬਿਹਨਾਮ ਨੂੰ ਸੜਕ ’ਤੇ ਉਮੀਦ ਤੋਂ ਉਲਟ ਹੁੰਗਾਰਾ ਮਿਲਿਆ। ਉਸ ਨੇ ਦੱਸਿਆ, ‘‘ਸ਼ੁਰੂ ਵਿੱਚ ਮੈਂ ਕਾਫ਼ੀ ਤਣਾਅ ਵਿੱਚ ਸੀ ਪਰ ਹੌਲੀ-ਹੌਲੀ ਲੋਕਾਂ ਦੇ ਵਿਹਾਰ ਅਤੇ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਨੇ ਬਹੁਤ ਹੌਸਲਾ ਦਿੱਤਾ। ਇੱਕ ਟਰੈਫਿਕ ਅਧਿਕਾਰੀ ਨੇ ਤਾਂ ਮੈਨੂੰ ਉਤਸ਼ਾਹਿਤ ਵੀ ਕੀਤਾ।’
ਇਰਾਨ ਵਿੱਚ ਕੱਟੜਪੰਥੀ ਮੌਲਵੀ ਔਰਤਾਂ ਦੇ ਇਸ ਤਰ੍ਹਾਂ ਘੁੰਮਣ ਨੂੰ ‘ਤਬੱਰੁਜ਼’ (ਸੁੰਦਰਤਾ ਦਾ ਬਹੁਤ ਜ਼ਿਆਦਾ ਪ੍ਰਦਰਸ਼ਨ) ਮੰਨਦੇ ਹਨ ਜਿਸ ਦੀ ਇਸਲਾਮ ਵਿੱਚ ਮਨਾਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਕਾਨੂੰਨ ਵਿੱਚ ਮੋਟਰਸਾਈਕਲ ਲਾਇਸੈਂਸ ਦੇਣ ਲਈ ਸਪੱਸ਼ਟ ਤੌਰ ’ਤੇ ‘ਮਰਦਾਨਾ’ (ਪੁਰਸ਼) ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜੋ ਔਰਤਾਂ ਨੂੰ ਇਸ ਅਧਿਕਾਰ ਤੋਂ ਵਾਂਝਾ ਕਰਦਾ ਹੈ। ਤਹਿਰਾਨ ਦੇ ਟਰੈਫਿਕ ਪੁਲੀਸ ਮੁਖੀ ਨੇ ਵੀ ਇਸ ਨੂੰ ‘ਅਪਰਾਧ’ ਕਰਾਰ ਦਿੱਤਾ ਹੈ।
ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਹਾਲ ਹੀ ਵਿੱਚ ਹੋਏ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਇਰਾਨ ਦੀਆਂ ਔਰਤਾਂ ਵਿੱਚ ਨਵਾਂ ਆਤਮ-ਵਿਸ਼ਵਾਸ ਪੈਦਾ ਹੋਇਆ ਹੈ। ਉਹ ਹੁਣ ਵਧ-ਚੜ੍ਹ ਕੇ ਅੱਗੇ ਆ ਰਹੀਆਂ ਹਨ ਅਤੇ ਸਕੂਟਰਾਂ ’ਤੇ ਨਿਕਲ ਕੇ ਸਮਾਜਿਕ ਬੰਦਸ਼ਾਂ ਤੋੜ ਰਹੀਆਂ ਹਨ; ਭਾਵੇਂ ਉਨ੍ਹਾਂ ਦੀ ਗਿਣਤੀ ਅਜੇ ਘੱਟ ਹੈ, ਪਰ ਸੜਕਾਂ ’ਤੇ ਉਨ੍ਹਾਂ ਦੀ ਮੌਜੂਦਗੀ ਆਮ ਹੋ ਰਹੀ ਹੈ।

