ਅਮਰੀਕਾ ਵਿੱਚ ਗ੍ਰਿਫ਼ਤਾਰ ਭਾਰਤੀ ਮੂਲ ਦਾ ਵਿਅਕਤੀ ਕੈਨੇਡਾ ਹਵਾਲੇ
ਕੈਨੇਡਾ ਵਿੱਚ ਔਰਤ ’ਤੇ ਹਮਲੇ ਦੇ ਮਾਮਲੇ ਵਿੱਚ ਸੀ ਲੋਡ਼ੀਂਦਾ
ਹਮਲੇ ਦੇ ਮਾਮਲੇ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਗ੍ਰਿਫ਼ਤਾਰ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਕੈਨੇਡਾ ਹਵਾਲੇ ਕਰ ਦਿੱਤਾ ਗਿਆ ਹੈ।
ਸਥਾਨਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ‘ਸੀਟੀਵੀ ਨਿਊਜ਼’ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੁਖਪ੍ਰੀਤ ਸਿੰਘ (25) 2021 ਵਿੱਚ ਕੈਨੇਡਾ ਵਿੱਚ ਐਲਨਾਜ਼ ਹਜਤਾਮੀਰੀ ਨਾਮ ਦੀ ਔਰਤ ’ਤੇ ਹਮਲੇ ਸਬੰਧੀ ਲੋੜੀਂਦੇ ਸ਼ੱਕੀਆਂ ਵਿੱਚ ਸ਼ਾਮਲ ਹੈ। ਖ਼ਬਰ ਵਿੱਚ ‘ਯਾਰਕ ਰਿਜਨਲ ਪੁਲੀਸ’ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੁਖਬੀਰ ਨੂੰ ਇਸ ਸਾਲ ਜੂਨ ਵਿੱਚ ਯੂਨਾਈਟਿਡ ਸਟੇਟਸ ਮਾਰਸ਼ਲ ਸਰਵਿਸ ਦੇ ਮੈਂਬਰਾਂ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਅਗਸਤ ਵਿੱਚ ਉਸ ’ਤੇ ਦੋਸ਼ ਲਗਾਏ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਖਬੀਰ ਦੀ ਹਵਾਲਗੀ ਮਗਰੋਂ ਮੰਗਲਵਾਰ ਨੂੰ ਉਸ ਨੂੰ ਯਾਰਕ ਰਿਜਨ ਭੇਜਿਆ ਗਿਆ ਸੀ। ਉਸ ’ਤੇ ਹਮਲੇ ਅਤੇ ਸਜ਼ਾਯੋਗ ਅਪਰਾਧ ਦੀ ਸਾਜ਼ਿਸ਼ ਘੜਨ ਦੇ ਦੋਸ਼ ਹਨ।
‘ਸਿਟੀ ਨਿਊਜ਼’ ਦੀ ਖ਼ਬਰ ਅਨੁਸਾਰ, ਸੁਖਬੀਰ ਦੀ ਪਛਾਣ ਰਿਚਮੰਡ ਹਿੱਲ ਵਿੱਚ ਪਾਰਕਿੰਗ ਗੈਰਾਜ ਵਿੱਚ ਹਜਤਾਮੀਰੀ ’ਤੇ ਹੋਏ ਹਿੰਸਕ ਹਮਲੇ ਦੇ ਸ਼ੱਕੀ ਵਜੋਂ ਕੀਤੀ ਗਈ ਸੀ। ਇਸ ਮਗਰੋਂ 2023 ਵਿੱਚ ਕੈਨੇਡਾ ਵਿੱਚ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਖ਼ਬਰ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ, ਹਜਤਾਮੀਰੀ ਦੇ ਸਾਬਕਾ ਪ੍ਰੇਮੀ ਮੁਹੰਮਦ ਲੀਲੋ ਸਮੇਤ ਚਾਰ ਸ਼ੱਕੀਆਂ ’ਤੇ ਹਮਲਾ, ਹੱਤਿਆ ਦੀ ਕੋਸ਼ਿਸ਼ ਅਤੇ ਅਗਵਾ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਸਬੰਧੀ 2023 ਵਿੱਚ ਤਿੰਨ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਖਬੀਰ ਦੀ ਗ੍ਰਿਫ਼ਤਾਰੀ ਮਗਰੋਂ ਹਜਤਾਮੀਰੀ ’ਤੇ ਹਮਲੇ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਕੁੱਲ ਗਿਣਤੀ ਅੱਠ ਹੋ ਗਈ ਹੈ।