ਭਾਰਤੀ-ਕੈਨੇਡਿਆਈ ਗੈਂਗਸਟਰ ਅਮਰੀਕਾ ’ਚ ਗ੍ਰਿਫ਼ਤਾਰ
ਭਾਰਤੀ-ਕੈਨੇਡਿਆਈ ਗੈਂਗਸਟਰ ਨੂੰ ਆਇਰਿਸ਼ ਗਰੋਹ ਨਾਲ ਮਿਲ ਕੇ ਨਸ਼ਿਆਂ ਦਾ ਕੌਮਾਂਤਰੀ ਪੱਧਰ ’ਤੇ ਧੰਦਾ ਕਰਨ ਦੇ ਦੋਸ਼ ਹੇਠ ਅਮਰੀਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਗੈਂਗਸਟਰ ਦੀ ਪਛਾਣ ਓਪਿੰਦਰ ਸਿੰਘ ਸਿਆਨ ਵਜੋਂ ਹੋਈ ਹੈ, ਜੋ ਆਇਰਿਸ਼ ਕਿਨਾਹਨ ਗਰੋਹ ਨਾਲ ਮਿਲ ਕੇ ਕੌਮਾਂਤਰੀ ਪੱਧਰ ’ਤੇ ਮੈਥਾਮਫੇਟਾਮਾਈਨ ਅਤੇ ਫੈਂਟੇਨਾਈਲ ਦੀ ਤਸਕਰੀ ਕਰਦਾ ਸੀ। ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਸਿਆਨ ਨੂੰ ਪਿਛਲੇ ਮਹੀਨੇ ਨੇਵਾਦਾ ’ਚ ਡਰੱਗ ਐਨਫੋਰਸਮੈਂਟ ਐਡਮਿਨਿਸਟਰੇਸ਼ਨ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਿਪੋਰਟ ਮੁਤਾਬਕ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਤੁਰਕੀ ਅਤੇ ਅਮਰੀਕੀ ਅਪਰਾਧਿਕ ਸੰਗਠਨਾਂ ਦੀ ਹਮਾਇਤ ਹਾਸਲ ਸਿਆਨ ਚੀਨ ਤੋਂ ਰਸਾਇਣਾਂ ਦੀ ਦਰਾਮਦ ਅਤੇ ਲਾਸ ਏਂਜਲਸ ਬੰਦਰਗਾਹ ਰਾਹੀਂ ਆਸਟਰੇਲੀਆ ਨੂੰ ਨਸ਼ਿਆਂ ਦੀ ਬਰਾਮਦਗੀ ਕਰਨ ਦੀ ਸਾਜ਼ਿਸ਼ ’ਚ ਸ਼ਾਮਲ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਬ੍ਰਦਰਜ਼ ਕੀਪਰਜ਼ ਨਾਲ ਜੁੜੇ ਸਿਆਨ ਨੂੰ ਐਰੀਜ਼ੋਨਾ ’ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਲਫ਼ਨਾਮਾ ਕੈਲੀਫੋਰਨੀਆ ’ਚ ਦਾਖ਼ਲ ਕੀਤਾ ਗਿਆ ਹੈ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਨੇਵਾਦਾ ਦੇ ਜੱਜ ਨੇ ਸਿਆਨ (37) ਨੂੰ ਕੈਲੀਫੋਰਨੀਆ ਤਬਦੀਲ ਕਰਨ ਤੱਕ ਇਥੇ ਹੀ ਹਿਰਾਸਤ ’ਚ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਹੋਰ ਸ਼ੱਕੀਆਂ ਖ਼ਿਲਾਫ਼ ਹਾਲੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਹਨ। ਸਿਆਨ 2008 ਅਤੇ 2011 ’ਚ ਸਰੀ ’ਚ ਹੋਈ ਗੋਲੀਬਾਰੀ ਦੀਆਂ ਦੋ ਘਟਨਾਵਾਂ ’ਚ ਵਾਲ ਵਾਲ ਬਚ ਗਿਆ ਸੀ।
ਬਰੈਂਪਟਨ ਦੇ ਮੇਅਰ ਨੂੰ ਧਮਕੀਆਂ ਦੇਣ ਵਾਲਾ ਭਾਰਤੀ ਗ੍ਰਿਫ਼ਤਾਰ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਬਰੈਂਪਟਨ ਵਾਸੀ ਕੰਵਲਜਿਓਤ ਸਿੰਘ ਮਨੋਰੀਆ (29) ਵਜੋਂ ਹੋਈ ਹੈ। ਕੁਝ ਦਿਨ ਪਹਿਲਾਂ ਮੇਅਰ ਨੂੰ ਈਮੇਲ ਰਾਹੀਂ ਭੇਜੀ ਗਈ ਧਮਕੀ ਤੋਂ ਬਾਅਦ ਪੀਲ ਪੁਲੀਸ ਨੇ ਉਸ ਦੀ ਸੁਰੱਖਿਆ ਵਧਾ ਦਿੱਤੀ ਸੀ। ਪੀਲ ਪੁਲੀਸ ਦੇ ਡਿਪਟੀ ਚੀਫ ਨਿਕ ਮਿਲੀਨੋਵਿਕ ਨੇ ਇਕ ਦਿਨ ਪਹਿਲਾਂ ਦੱਸਿਆ ਸੀ ਕਿ ਮੇਅਰ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਦੀ ਜਾਂਚ ਦੌਰਾਨ ਕੁਝ ਪੁਖ਼ਤਾ ਸਬੂਤ ਪੁਲੀਸ ਦੇ ਹੱਥ ਲੱਗੇ ਹਨ।
ਪੁਲੀਸ ਨੇ ਅੱਜ ਸਵੇਰੇ ਦੱਸਿਆ ਕਿ ਮਸ਼ਕੂਕ ਦੀ ਭਾਲ ਲਈ ਟੀਮ ਬਣਾਈ ਗਈ ਸੀ, ਜਿਸ ਨੇ ਸ਼ੱਕੀ ਦੇ ਘਰ ਦੇ ਤਲਾਸ਼ੀ ਵਾਰੰਟ ਹਾਸਲ ਕਰਕੇ ਛਾਪਾ ਮਾਰਿਆ ਤਾਂ ਉਥੋਂ ਇਲੈਕਟ੍ਰਾਨਿਕ ਯੰਤਰ ਮਿਲੇ ਜਿਨ੍ਹਾਂ ਦੀ ਜਾਂਚ ਤੋਂ ਬਾਅਦ ਮੇਅਰ ਨੂੰ ਧਮਕੀਆਂ ਭੇਜਣ ਦੇ ਸਬੂਤ ਮਿਲੇ। ਇਸ ਮਗਰੋਂ ਭਾਰਤੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲੀਸ ਬੁਲਾਰੇ ਮੁਤਾਬਕ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਧਮਕੀਆਂ ਦੇਣ ਵਾਲਾ ਵਿਅਕਤੀ ਕਿਸੇ ਗਰੋਹ ਦਾ ਮੈਂਬਰ ਨਹੀਂ ਹੈ ਪਰ ਉਸ ਵਲੋਂ ਧਮਕੀਆਂ ਭੇਜਣ ਦੇ ਮੰਤਵ ਦਾ ਪਤਾ ਲਗਾਇਆ ਜਾ ਰਿਹਾ ਹੈ।