ਭਾਰਤ-ਸਿੰਗਾਪੁਰ ਸਟਾਰਟਅੱਪਸ ਨੂੰ ਹੱਲਾਸ਼ੇਰੀ
ਆੲੀ ਸੀ ਏ ਆੲੀ ਦੇ ਸਿੰਗਾਪੁਰ ਚੈਪਟਰ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਮਦਦ
ਸਿੰਗਾਪੁਰ ਚੈਪਟਰ ਦੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈ ਸੀ ਏ ਆਈ) ਵੱਲੋਂ ਭਾਰਤ-ਸਿੰਗਾਪੁਰ ਸਟਾਰਟਅੱਪਸ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਆਈ ਸੀ ਏ ਆਈ ਦੀ ਚੇਅਰਪਰਸਨ ਅਨੁਰਾਧਾ ਸ਼ਰੌਫ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਨੂੰ ਪੂੰਜੀ, ਮਾਰਗਦਰਸ਼ਨ, ਨੈੱਟਵਰਕ ਅਤੇ ਆਲਮੀ ਪਲੈਟਫਾਰਮ ਮੁਹੱਈਆ ਕਰਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਥੇ ਨਿਵੇਸ਼ਕਾਂ ਅਤੇ ਨੁਮਾਇਸ਼ ਨਾਲ ਸਬੰਧਤ ਇਜਲਾਸਾਂ ਦੀ ਮੇਜ਼ਬਾਨੀ ਕਰਨ ਮਗਰੋਂ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਜਦੋਂ ਆਲਮੀ ਕਾਰੋਬਾਰੀ ਭਾਈਚਾਰੇ ਲਈ ਕੰਮ ਕਰ ਰਹੇ ਹਾਂ ਤਾਂ ਸਾਨੂੰ ਨੌਜਵਾਨਾਂ ਦੀ ਅਗਵਾਈ ਹੇਠਲੇ ਕਾਢਾਂ ’ਤੇ ਆਧਾਰਿਤ ਕਾਰੋਬਾਰਾਂ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ।’’ ਤਿੰਨ ਦਹਾਕਿਆਂ ਤੋਂ ਵਧ ਸਮੇਂ ਤੋਂ ਕੌਮਾਂਤਰੀ ਕਾਰੋਬਾਰਾਂ ਦਾ ਪ੍ਰਬੰਧਨ ਕਰਨ ਵਾਲੀ ਅਨੁਰਾਧਾ ਸ਼ਰੌਫ ਨੇ ਕਿਹਾ ਕਿ ਇਹ ਵਰ੍ਹਾ ਕਈ ਕਾਰਨਾਂ ਕਰਕੇ ਖਾਸ ਹੈ ਕਿਉਂਕਿ ਸਿੰਗਾਪੁਰ ਆਪਣੀ ਆਜ਼ਾਦੀ ਦੇ 60 ਸਾਲ ਅਤੇ ਭਾਰਤ ਨਾਲ ਕੂਟਨੀਤਕ ਸਬੰਧਾਂ ਦੇ 60 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੋ ਮੁਲਕ ਇਕੱਠਿਆਂ ਕਾਢਾਂ ਕੱਢਦੇ ਹਨ ਤਾਂ ਇਹ ਦੁੱਗਣਾ ਹੋ ਜਾਂਦਾ ਹੈ। ਭਾਰਤ ’ਚ ਇਕ ਲੱਖ ਤੋਂ ਵੱਧ ਸਟਾਰਟਅੱਪਸ ਹਨ; ਸਿੰਗਾਪੁਰ ਲਗਾਤਾਰ ਅਗਾਂਹ ਵਧ ਰਿਹਾ ਹੈ ਅਤੇ ਮੌਜੂਦਾ ਸਮੇਂ ’ਚ ਉਸ ਦੇ ਅੰਦਾਜ਼ਨ 50 ਹਜ਼ਾਰ ਸਟਾਰਟਅੱਪਸ ਹਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੀ ਏ ਸੁਰੇਸ਼ ਪ੍ਰਭੂ ਨੇ ਵੀ ਭਾਸ਼ਣ ਦਿੱਤਾ।

