ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਮੁੜ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਂਝ ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇ ਭਾਰਤ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ‘ਮੋਟੇ’ ਟੈਕਸਾਂ ਦੇ ਰੂਪ ’ਚ ਕੀਮਤ ਤਾਰਨੀ ਹੋਵੇਗੀ। ਇਸੇ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ। ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਦਰਮਿਆਨ ਮਈ ’ਚ ਹੋਏ ਫੌਜੀ ਟਕਰਾਅ ਦੌਰਾਨ ਸੱਤ ਜਹਾਜ਼ ਫੁੰਡੇ ਗਏ ਸਨ; ਉਨ੍ਹਾਂ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਵਾਂ ਵਿੱਚੋਂ ਕਿਸ ਮੁਲਕ ਦੇ ਸਨ। ਏਅਰ ਫੋਰਸ ਵਨ ’ਤੇ ਸਵਾਰ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ।’’ ਭਾਰਤ ਦੇ ਇਸ ਦਾਅਵੇ ਕਿ ਉਸ ਨੂੰ ਮੋਦੀ ਤੇ ਟਰੰਪ ਦਰਮਿਆਨ ਅਜਿਹੀ ਕਿਸੇ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ, ਬਾਰੇ ਪੁੱਛਣ ’ਤੇ ਟਰੰਪ ਨੇ ਕਿਹਾ, ‘‘ਪਰ ਜੇ ਉਹ ਇਹ ਕਹਿਣਾ ਚਾਹੁੰਦੇ ਹਨ ਤਾਂ ਉਹ ਵੱਡੇ ਟੈਰਿਫ ਅਦਾ ਕਰਦੇ ਰਹਿਣਗੇ।’’ ਪੱਛਮੀ ਮੁਲਕਾਂ ਵਲੋਂ ਹੱਥ ਪਿਛਾਂਹ ਖਿੱਚਣ ਮਗਰੋਂ ਭਾਰਤ ਰੂਸ ਤੋਂ ਤੇਲ ਖਰੀਦਣ ਵਾਲਾ ਸਭ ਤੋਂ ਵੱਡਾ ਖਰੀਦਦਾਰ ਹੈ। ਮਾਸਕੋ ਵੱਲੋਂ 2022 ਵਿਚ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਪੱਛਮੀ ਮੁਲਕਾਂ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਦੂਜੇ ਪਾਸੇ, ਫੌਕਸ ਨਿਊਜ਼ ਬਰੌਡਕਾਸਟ ਨੂੰ ਦਿੱਤੀ ਇੰਟਰਵਿਊ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ‘ਟੈਰਿਫ਼ਾਂ ਦੀ ਧਮਕੀ’ ਨੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਰੋਕਣ ਲਈ ਮਜਬੂਰ ਕੀਤਾ।
+
Advertisement
Advertisement
Advertisement
Advertisement
×