ਭਾਰਤ-ਪਾਕਿ ਕਸ਼ਮੀਰ ਮਸਲਾ ਵਾਰਤਾ ਰਾਹੀਂ ਹੱਲ ਕਰਨ: ਅਰਦੌਗਾਂ
ਪਾਕਿਸਤਾਨ ਦੌਰੇ ’ਤੇ ਆਏ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਅਪੀਲ
ਇਸਲਾਮਾਬਾਦ, 13 ਫਰਵਰੀ
ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੌਗਾਂ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦਾ ਹੱਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਾਰਤਾ ਰਾਹੀਂ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਦੌਰਾਨ ਕਸ਼ਮੀਰੀ ਲੋਕਾਂ ਦੀਆਂ ਖਾਹਿਸ਼ਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਦੇ ਦੋ ਰੋਜ਼ਾ ਦੌਰੇ ’ਤੇ ਆਏ ਅਰਦੌਗਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਗੱਲਬਾਤ ਮਗਰੋਂ ਇਹ ਟਿੱਪਣੀ ਕੀਤੀ। ਵਫ਼ਦ ਪੱਧਰੀ ਗੱਲਬਾਤ ਮਗਰੋਂ ਪਾਕਿਸਤਾਨ ਅਤੇ ਤੁਰਕੀ ਵਿਚਕਾਰ 24 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਹਨ। ਦੋਵੇਂ ਆਗੂਆਂ ਨੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਦਾ ਅਹਿਦ ਵੀ ਲਿਆ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਅਰਦੌਗਾਂ ਨੇ ਕਸ਼ਮੀਰ ਮਸਲੇ ਦਾ ਜ਼ਿਕਰ ਕੀਤਾ। ਅਰਦੌਗਾਂ ਨੇ ਕਿਹਾ, ‘‘ਕਸ਼ਮੀਰ ਮਸਲੇ ਦਾ ਹੱਲ ਵਾਰਤਾ ਰਾਹੀਂ ਸੰਯੁਕਤ ਰਾਸ਼ਟਰ ਦੇ ਮਤਿਆਂ ਮੁਤਾਬਕ ਹੋਣਾ ਚਾਹੀਦਾ ਹੈ ਅਤੇ ਕਸ਼ਮੀਰ ਦੇ ਲੋਕਾਂ ਦੀਆਂ ਖਾਹਿਸ਼ਾਂ ਦਾ ਵੀ ਧਿਆਨ ਰੱਖਿਆ ਜਾਵੇ। ਸਾਡਾ ਮੁਲਕ ਪਹਿਲਾਂ ਤੋਂ ਹੀ ਆਪਣੇ ਕਸ਼ਮੀਰੀ ਭਰਾਵਾਂ ਨਾਲ ਡਟ ਕੇ ਖੜ੍ਹਾ ਹੈ।’’ ਆਪਣੇ ਬਿਆਨ ’ਚ ਅਰਦੌਗਾਂ ਨੇ ਪਾਕਿਸਤਾਨ ਨਾਲ ਸਬੰਧ ਵਧਾਉਣ ’ਚ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਵਪਾਰ, ਜਲ ਸਰੋਤਾਂ, ਖੇਤੀਬਾੜੀ, ਊਰਜਾ, ਸੱਭਿਆਚਾਰ, ਸਿੱਖਿਆ, ਰੱਖਿਆ ਅਤੇ ਸਿਹਤ ਸਮੇਤ 24 ਖੇਤਰਾਂ ’ਚ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਹਨ। ਇਸ ਮੌਕੇ ਆਪਣੇ ਸੰਬੋਧਨ ’ਚ ਸ਼ਾਹਬਾਜ਼ ਨੇ ਕਿਹਾ ਕਿ ਤੁਰਕੀ ਦੇ ਆਗੂ ਦਾ ਪਾਕਿਸਤਾਨ ਦੂਜਾ ਘਰ ਹੈ। -ਪੀਟੀਆਈ