ਭਾਰਤ-ਇਜ਼ਰਾਈਲ ਵਪਾਰ ਸਮਝੌਤਾ ਦੋ ਪੜਾਵਾਂ ’ਚ ਹੋ ਸਕਦੈ ਲਾਗੂ
ਭਾਰਤ ਅਤੇ ਇਜ਼ਰਾਈਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤਾ (ਐੱਫ ਟੀ ਏ) ਦੋ ਪੜਾਵਾਂ ’ਚ ਲਾਗੂ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਦੋਵੇਂ ਮੁਲਕਾਂ ਦੇ ਸਨਅਤਕਾਰਾਂ ਨੂੰ ਇਸ ਦੇ ਫੌਰੀ ਲਾਹੇ ਮਿਲ ਸਕਣ। ਭਾਰਤ ਅਤੇ ਇਜ਼ਰਾਈਲ ਨੇ ਸਮਝੌਤੇ ਲਈ ਰਸਮੀ...
ਭਾਰਤ ਅਤੇ ਇਜ਼ਰਾਈਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤਾ (ਐੱਫ ਟੀ ਏ) ਦੋ ਪੜਾਵਾਂ ’ਚ ਲਾਗੂ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਦੋਵੇਂ ਮੁਲਕਾਂ ਦੇ ਸਨਅਤਕਾਰਾਂ ਨੂੰ ਇਸ ਦੇ ਫੌਰੀ ਲਾਹੇ ਮਿਲ ਸਕਣ। ਭਾਰਤ ਅਤੇ ਇਜ਼ਰਾਈਲ ਨੇ ਸਮਝੌਤੇ ਲਈ ਰਸਮੀ ਤੌਰ ’ਤੇ ਵਾਰਤਾ ਸ਼ੁਰੂ ਕਰਨ ਲਈ ਵੀਰਵਾਰ ਨੂੰ ਦਸਤਾਵੇਜ਼ (ਟਰਮਜ਼ ਆਫ ਰੈਫਰੈਂਸ) ’ਤੇ ਦਸਤਖ਼ਤ ਕੀਤੇ। ਸ਼ਰਤਾਂ ’ਚ ਟੈਰਿਫ ਅਤੇ ਗ਼ੈਰ-ਟੈਰਿਫ ਅੜਿੱਕਿਆਂ ਨੂੰ ਖ਼ਤਮ ਕਰਕੇ ਵਸਤਾਂ ਲਈ ਬਾਜ਼ਾਰੀ ਪਹੁੰਚ, ਨਿਵੇਸ਼ ਸਹੂਲਤ, ਕਸਟਮਜ਼ ਪ੍ਰਕਿਰਿਆਵਾਂ ਦਾ ਸਰਲੀਕਰਨ, ਕਾਢਾਂ ਤੇ ਤਕਨਾਲੋਜੀ ਤਬਾਦਲੇ ਲਈ ਸਹਿਯੋਗ ਵਧਾਉਣ ਅਤੇ ਸੇਵਾਵਾਂ ’ਚ ਵਪਾਰ ਨੂੰ ਹੱਲਾਸ਼ੇਰੀ ਦੇਣ ਲਈ ਮਾਪਦੰਡਾਂ ਨੂੰ ਸੁਖਾਲਾ ਬਣਾਉਣਾ ਸ਼ਾਮਲ ਹੈ। ਵਣਜ ਅਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਾ ਦੋ ਪੜਾਵਾਂ ’ਚ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਵਾਰਤਾ ਸ਼ੁਰੂ ਹੋਣ ਮਗਰੋਂ ਫ਼ੈਸਲਾ ਕੀਤਾ ਜਾਵੇਗਾ। ਸ੍ਰੀ ਗੋਇਲ 60 ਮੈਂਬਰੀ ਕਾਰੋਬਾਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ ਜੋ ਦੁਵੱਲੇ ਵਪਾਰ ਅਤੇ ਨਿਵੇਸ਼ ਲਈ ਇਥੇ ਆਗੂਆਂ ਤੇ ਕਾਰੋਬਾਰੀਆਂ ਨੂੰ ਮਿਲ ਰਿਹਾ ਹੈ।

