DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੂੰ ਚੋਣਾਂ ’ਚ ਮਦਦ ਲਈ 1.8 ਕਰੋੜ ਡਾਲਰ ਦਿੱਤੇ ਗਏ: ਟਰੰਪ

ਟਰੰਪ ਵੱਲੋਂ ਯੂਐੱਸਏਡ ਮਾਮਲੇ ’ਚ ਭਾਰਤ ਉੱਤੇੇ ਹਮਲੇ ਜਾਰੀ
  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ, 23 ਫਰਵਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਸਾਬਕਾ ਬਾਇਡਨ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਸ ਨੇ ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦੇ ਫੰਡ ਅਲਾਟ ਕੀਤੇ ਜਦਕਿ ਇਸ ਦੀ ਕੋਈ ਲੋੜ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਸ਼ਿੰਗਟਨ ’ਚ ‘ਗਵਰਨਰਜ਼ ਵਰਕਿੰਗ ਸੈਸ਼ਨ’ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਬਾਇਡਨ ਪ੍ਰਸ਼ਾਸਨ ਨੇ ‘ਵੋਟਿੰਗ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇ ਫੰਡ ਅਲਾਟ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਵੱਲੋਂ ਯੂਐੱਸਏਡ ਮਾਮਲੇ ’ਚ ਅਜਿਹਾ ਦਾਅਵਾ ਪੰਜਵੀਂ ਵਾਰ ਕੀਤਾ ਗਿਆ ਹੈ।

Advertisement

ਟਰੰਪ ਨੇ ਬੀਤੇ ਦਿਨ ‘ਕੰਜ਼ਰਵੇਟਿਵ ਪੌਲਿਟੀਕਲ ਐਕਸ਼ਨ ਕਾਨਫਰੰਸ’ (ਸੀਪੀਏਸੀ) ’ਚ ਬੀਤੇ ਦਿਨ ਆਪਣੇ ਭਾਸ਼ਣ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਨੇ ਪਹਿਲਾਂ ਵੀ ਕਈ ਵਾਰ ਦਾਅਵਾ ਕੀਤਾ ਹੈ ਕਿ ‘ਚੋਣਾਂ ’ਚ ਵੋਟਰਾਂ ਦੀ ਭਾਗੀਦਾਰੀ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਮਦਦ ਕੀਤੀ ਗਈ ਅਤੇ ਉਨ੍ਹਾਂ ਇਸ ਲਈ ਅਮਰੀਕਾ ਦੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਆਈਡੀ) ਨੂੰ ਨਿਸ਼ਾਨੇ ’ਤੇ ਲਿਆ ਹੈ। ਟਰੰਪ ਦੇ ਇਸ ਦਾਅਵੇ ਤੋਂ ਬਾਅਦ ਭਾਰਤ ’ਚ ਵਿਵਾਦ ਪੈਦਾ ਹੋ ਗਿਆ ਹੈ। ਆਪਣੇ ਭਾਸ਼ਣ ’ਚ ਟਰੰਪ ਨੇ ਭਾਰਤ ’ਤੇ ਅਮਰੀਕਾ ਦਾ ਫਾਇਦਾ ਉਠਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਡਾਲਰ ਦਿੱਤੇ ਗਏ। ਆਖਿਰ ਕਿਉਂ?..। ਅਸੀਂ ਸਿਰਫ਼ ਪੁਰਾਣੇ ਪੇਪਰ ਬੈਲੇਟ ਵੱਲ ਕਿਉਂ ਨਹੀਂ ਜਾਂਦੇ ਅਤੇ ਉਨ੍ਹਾਂ ਨੂੰ ਆਪਣੀਆਂ ਚੋਣਾਂ ’ਚ ਸਾਡੀ ਮਦਦ ਕਰਨ ਦਿੰਦੇ ਹਾਂ, ਠੀਕ ਹੈ ਨਾ? ਵੋਟਰ ਪਛਾਣ ਪੱਤਰ, ਕੀ ਇਹ ਚੰਗਾ ਨਹੀਂ ਹੋਵੇਗਾ? ਅਸੀਂ ਭਾਰਤ ਨੂੰ ਚੋਣਾਂ ਲਈ ਪੈਸਾ ਕਿਉਂ ਦੇ ਰਹੇ ਹਾਂ। ਉਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਹੈ।’ ਉਨ੍ਹਾਂ ਕਿਹਾ, ‘ਉਹ ਸਾਡਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਦੁਨੀਆ ’ਚ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਦੇਸ਼ਾਂ ’ਚੋਂ ਇੱਕ ਹਨ... ਉਹ 200 ਫੀਸਦ (ਟੈਕਸ) ਲਾਉਂਦੇ ਹਨ ਅਤੇ ਅਸੀਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੋਣਾਂ ’ਚ ਮਦਦ ਲਈ ਬਹੁਤ ਸਾਰਾ ਪੈਸਾ ਦੇ ਰਹੇ ਹਾਂ।’ ਟਰੰਪ ਨੇ ਬੰਗਲਾਦੇਸ਼ ਨੂੰ 2.9 ਕਰੋੜ ਡਾਲਰ ਦੇਣ ਲਈ ਵੀ ਯੂਐੱਸਏਡ ਦੀ ਆਲੋਚਨਾ ਕੀਤੀ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘2.9 ਕਰੋੜ ਅਮਰੀਕੀ ਡਾਲਰ ਦੀ ਵਰਤੋਂ ਸਿਆਸੀ ਸਥਿਤੀ ਮਜ਼ਬੂਤ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੀਤੀ ਗਈ ਹੈ ਤਾਂ ਜੋ ਲੋਕ ਬੰਗਲਾਦੇਸ਼ ’ਚ ਕੱਟੜ ਖੱਬੇ-ਪੱਖੀ ਕਮਿਊਨਿਸਟਾਂ ਲਈ ਵੋਟ ਕਰ ਸਕਣ।’ -ਪੀਟੀਆਈ

ਭਾਰਤ ਦਾ ਮੁੜ-ਮੁੜ ਅਪਮਾਨ ਕੀਤੇ ਜਾਣ ’ਤੇ ਮੋਦੀ ਚੁੱਪ ਕਿਉਂ: ਕਾਂਗਰਸ

ਨਵੀਂ ਦਿੱਲੀ: ਯੂਐੱਸਏਡ ਵਿਵਾਦ ਵਿਚਾਲੇ ਕਾਂਗਰਸ ਨੇ ਅੱਜ ਭਾਜਪਾ ’ਤੇ ‘ਅਮਰੀਕਾ ਤੋਂ ਫਰਜ਼ੀ ਖ਼ਬਰਾਂ ਫੈਲਾ ਕੇ ਰਾਸ਼ਟਰ ਵਿਰੋਧੀ ਕੰਮ ਕਰਨ’ ਦਾ ਦੋਸ਼ ਲਾਇਆ। ਵਿਰੋਧੀ ਧਿਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਜਵਾਬ ਦੇਣਾ ਪਵੇਗਾ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਅਰਬਪਤੀ ਐਲਨ ਮਸਕ ਵਾਰ-ਵਾਰ ਭਾਰਤ ਦਾ ਅਪਮਾਨ ਕਰ ਰਹੇ ਹਨ ਤਾਂ ਸਰਕਾਰ ਚੁੱਪ ਕਿਉਂ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇੱਕ ਪੋਸਟ ’ਚ ਕਿਹਾ, ‘ਭਾਜਪਾ ਝੂਠਾਂ ਤੇ ਅਨਪੜ੍ਹਾਂ ਦੀ ਬਾਰਾਤ ਹੈ। ਜਿਹੜੇ 2.1 ਕਰੋੜ ਅਮਰੀਕੀ ਡਾਲਰਾਂ ’ਤੇ ਭਾਜਪਾ ਵਾਲੇ ਤੇ ਉਨ੍ਹਾਂ ਦੇ ਚਮਚੇ ਛਾਲਾਂ ਮਾਰ ਰਹੇ ਸਨ, ਉਹ ਖ਼ਬਰ ਤਾਂ ਫਰਜ਼ੀ ਨਿਕਲੀ। ਸਾਲ 2022 ’ਚ 2.1 ਕਰੋੜ ਅਮਰੀਕੀ ਡਾਲਰ ਭਾਰਤ ’ਚ ਵੋਟਿੰਗ ਵਧਾਉਣ ਲਈ ਨਹੀਂ ਸਗੋਂ ਬੰਗਲਾਦੇਸ਼ ਲਈ ਸਨ।’ ਉਨ੍ਹਾਂ ਦੋਸ਼ ਲਾਇਆ, ‘ਐਲਨ ਮਸਕ ਨੇ ਫਰਜ਼ੀ ਦਾਅਵਾ ਕੀਤਾ, ਟਰੰਪ ਨੂੰ ਢਾਕਾ ਤੇ ਦਿੱਲੀ ਵਿਚਾਲੇ ਗਲਤਫਹਿਮੀ ਹੋਈ, ਅਮਿਤ ਮਾਲਵੀਆ ਨੇ ਝੂਠ ਅੱਗੇ ਫੈਲਾਇਆ, ਫਿਰ ਭਾਜਪਾ ਦੇ ਚਮਚਿਆਂ ਨੇ ਇਸ ਨੂੰ ਚੁੱਕ ਲਿਆ।’ -ਪੀਟੀਆਈ

ਯੂਐੱਸਏਡ ਨੇ ਭਾਰਤ ’ਚ ਸੱਤ ਪ੍ਰਾਜੈਕਟਾਂ ਨੂੰ ਫੰਡਿੰਗ ਕੀਤੀ: ਵਿੱਤ ਮੰਤਰਾਲਾ

ਨਵੀਂ ਦਿੱਲੀ: ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਵਿੱਚ ਯੂਐੱਸਏਡ ਦੀ ਕਥਿਤ ਭੂਮਿਕਾ ਨੂੰ ਲੈ ਕੇ ਚੱਲ ਰਹੇ ਸਿਆਸੀ ਵਿਵਾਦ ਵਿਚਾਲੇ ਵਿੱਤ ਮੰਤਰਾਲੇ ਦੀ ਹਾਲੀਆ ਸਾਲਾਨਾ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਏਜੰਸੀ ਨੇ 2023-24 ’ਚ 75 ਹਜ਼ਾਰ ਡਾਲਰ ਦੀ ਲਾਗਤ ਦੇ ਸੱਤ ਪ੍ਰਾਜੈਕਟਾਂ ਨੂੰ ਵਿੱਤੀ ਫੰਡਿੰਗ ਕੀਤੀ ਹੈ। ਵਿੱਤ ਮੰਤਰਾਲੇ ਅਨੁਸਾਰ ਯੂਐੱਸਏਡ ਵੱਲੋਂ ਭਾਰਤ ਸਰਕਾਰ ਨਾਲ ਭਾਈਵਾਲੀ ਤਹਿਤ ਕੁੱਲ ਲਗਪਗ 75 ਕਰੋੜ ਡਾਲਰ ਦੇ ਬਜਟ ਦੇ ਸੱਤ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2023-24 ਲਈ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਡ) ਵੱਲੋਂ ਸੱਤ ਪ੍ਰਾਜੈਕਟਾਂ ਤਹਿਤ ਕੁੱਲ 9.7 ਕਰੋੜ ਡਾਲਰ (ਤਕਰੀਬਨ 825 ਕਰੋੜ ਰੁਪਏ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿੱਤ ਮੰਤਰਾਲੇ ਅਧੀਨ ਆਉਂਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਰਿਪੋਰਟ ’ਚ 2023-24 ’ਚ ਵਿੱਤੀ ਫੰਡਿੰਗ ਵਾਲੇ ਪ੍ਰਾਜੈਕਟਾਂ ਦੇ ਵੇਰਵੇ ਵੀ ਸਾਂਝੇ ਕੀਤੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੋਟਿੰਗ ਵਧਾਉਣ ਲਈ ਕੋਈ ਫੰਡਿੰਗ ਨਹੀਂ ਕੀਤੀ ਗਈ ਪਰ ਖੇਤੀ ਤੇ ਖੁਰਾਕ ਸੁਰੱਖਿਆ ਪ੍ਰੋਗਰਾਮ, ਜਲ, ਸਵੱਛਤਾ ਤੇ ਅਰੋਗਤਾ, ਨਵਿਆਉਣਯੋਗ ਊਰਜਾ, ਆਫਤ ਪ੍ਰਬੰਧਨ ਤੇ ਸਿਹਤ ਸਬੰਧੀ ਪ੍ਰਾਜੈਕਟਾਂ ਲਈ ਫੰਡਿੰਗ ਕੀਤੀ ਗਈ ਹੈ। -ਪੀਟੀਆਈ

Advertisement
×