ਭਾਰਤ ਵੱਲੋਂ ਰਾਸ਼ਟਰਮੰਡਲ ਸਮੂਹ ’ਚ ਸੁਧਾਰਾਂ ਦੀ ਵਕਾਲਤ
ਸਮੂਹ ਦੀਆਂ ਕਦਰਾਂ-ਕੀਮਤਾਂ ਤੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦੁਹਰਾਈ
ਭਾਰਤ ਨੇ ਰਾਸ਼ਟਰਮੰਡਲ ਸਮੂਹ ’ਚ ਸੁਧਾਰਾਂ ਦੀ ਵਕਾਲਤ ਕੀਤੀ ਹੈ ਤਾਂ ਜੋ ਇਸ ਨੂੰ ‘ਆਧੁਨਿਕ ਸਮੇਂ ਦੀਆਂ ਸੱਚਾਈ’ ਨੂੰ ਵਧੇਰੇ ਦਰਸਾਉਣ ਵਾਲਾ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਭਾਰਤ ਨੇ ਇੱਥੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਇੱਕ ਪਾਸੇ ਮੰਤਰੀ ਪੱਧਰੀ ਮੀਟਿੰਗ ’ਚ ਸੰਗਠਨ ਦੀਆਂ ਕਦਰਾਂ-ਕੀਮਤਾਂ ਤੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਵੀ ਦੁਹਰਾਈ। ਵਿਦੇਸ਼ ਮੰਤਰਾਲੇ ’ਚ ਸਕੱਤਰ (ਪੱਛਮੀ) ਰਾਜਦੂਤ ਸਿਬੀ ਜੌਰਜ ਨੇ ਬੀਤੇ ਦਿਨ ਹੋਈ ਰਾਸ਼ਟਰਮੰਡਲ ਵਿਦੇਸ਼ ਮੰਤਰੀਆਂ ਦੀ ਮੀਟਿੰਗ (ਸੀ ਐੱਫ ਏ ਐੱਮ ਐੱਮ) 2025 ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਪੋਸਟ ’ਚ ਦੱਸਿਆ ਕਿ ਮੀਟਿੰਗ ’ਚ ਜੌਰਜ ਨੇ ਕਿਹਾ ਕਿ ਭਾਰਤ ਰਾਸ਼ਟਰਮੰਡਲ ਚਾਰਟਰ ’ਚ ਸ਼ਾਮਲ ਕਦਰਾਂ-ਕੀਮਤਾਂ ਤੇ ਸਿਧਾਂਤਾਂ ਪ੍ਰਤੀ ਵਚਨਬੱਧ ਹੈ। ਰਾਸ਼ਟਰਮੰਡਲ ’ਚ ਅਜਿਹੇ ਸੁਧਾਰ ਹੋਣੇ ਚਾਹੀਦੇ ਹਨ ਜੋ ਆਧੁਨਿਕ ਸਮੇਂ ਦੀ ਸਚਾਈ ਨੂੰ ਬਿਹਤਰ ਢੰਗ ਨਾਲ ਦਰਸਾ ਸਕਣ।
ਅਤਿ ਦੀ ਗਰਮੀ ਨਾਲ ਨਜਿੱਠਣ ’ਚ ਭਾਰਤ ਦੀਆਂ ਕੋਸ਼ਿਸ਼ਾਂ ਬਾਰੇ ਦਿੱਤੀ ਜਾਣਕਾਰੀ
ਭਾਰਤ ਨੇ ਯੂ ਐੱਨ ਜੀ ਏ ਦੇ 80ਵੇਂ ਸਾਲਾਨਾ ਸੈਸ਼ਨ ਤਹਿਤ ਇੱਕ ਉੱਚ ਪੱਧਰੀ ਸੰਵਾਦ ’ਚ ਅਤਿ ਦੀ ਗਰਮੀ ਨਾਲ ਨਜਿੱਠਣ ਲਈ ਆਪਣੀਆਂ ਕੌਮੀ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ’ਚ ‘ਹੀਟ ਐਕਸ਼ਨ ਪਲਾਨ’, ਡਿਜੀਟਲ ਉਪਕਰਨਾਂ ਦੀ ਵਰਤੋਂ ਅਤੇ ਘੱਟ ਲਾਗਤ ਵਾਲੇ ਠੰਢੇ ਰੱਖਣ ਦੇ ਢੰਗਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਸਕੱਤਰ (ਪੱਛਮੀ) ਸਿਬੀ ਜੌਰਜ ਨੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਧਦੇ ਆਲਮੀ ਤਾਪਮਾਨ ਕਾਰਨ ਪੈਦਾ ਹੋਣ ਵਾਲੀਆਂ ਮੌਸਮੀ ਚੁਣੌਤੀਆਂ ਨਾਲ ਨਜਿੱਠਣ ਲਈ ‘ਗਲੋਬਲ ਸਾਊਥ’ ਦੀ ਹਮਾਇਤ ਕੀਤੀ ਹੈ।