Hundreds of thousands of people in Australia's without power: ਆਸਟਰੇਲੀਆ: ਅਲਫਰੈੱਡ ਕਾਰਨ ਕੁਈਨਜ਼ਲੈਂਡ ਵਿੱਚ ‘ਬੱਤੀ’ ਗੁੱਲ
ਕੁਈਨਜ਼ਲੈਂਡ, 9 ਮਾਰਚ
ਆਸਟਰੇਲੀਆ ਵਿੱਚ ਚੱਕਰਵਾਤੀ ਤੂਫਾਨ ਅਲਫਰੈੱਡ ਨੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਕੁਈਨਜ਼ਲੈਂਡ ਸੂਬੇ ਵਿਚ ਅੱਜ ਬਿਜਲੀ ਨਹੀਂ ਆਈ ਜਿਸ ਕਾਰਨ ਲੱਖਾਂ ਲੋਕਾਂ ਨੇ ਬਿਜਲੀ ਤੋਂ ਬਿਨਾਂ ਡੰਗ ਟਪਾਇਆ। ਇਸ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲੀਆਂ ਤੇ ਮੀਂਹ ਪਿਆ। ਮੌਸਮ ਵਿਭਾਗ ਨੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬਿਜਲੀ ਸਪਲਾਈ ਕਰਨ ਵਾਲੇ ਐਨਰਜੈਕਸ ਨੇ ਬਿਆਨ ਵਿੱਚ ਕਿਹਾ ਕਿ ਕੁਈਨਜ਼ਲੈਂਡ ਦੇ ਦੱਖਣ-ਪੂਰਬ ਵਿੱਚ ਲਗਪਗ 316,540 ਲੋਕ ਬਿਜਲੀ ਤੋਂ ਬਿਨਾਂ ਰਹੇ। ਇਨ੍ਹਾਂ ਵਿਚੋਂ ਗੋਲਡ ਕੋਸਟ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿੱਥੇ ਤੂਫਾਨ ਕਾਰਨ 112,000 ਤੋਂ ਵੱਧ ਲੋਕਾਂ ਨੇ ਬਿਜਲੀ ਤੋਂ ਬਿਨਾਂ ਸਮਾਂ ਬਿਤਾਇਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਅਚਾਨਕ ਹੜ੍ਹਾਂ ਅਤੇ ਤੇਜ਼ ਹਵਾਵਾਂ ਕਾਰਨ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ।
ਉਨ੍ਹਾਂ ਕੈਨਬਰਾ ਵਿੱਚ ਆਸਟਰੇਲੀਅਨ ਬਰੌਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਟੈਲੀਵਿਜ਼ਨ ’ਤੇ ਦਿੱਤੇ ਗਏ ਬਿਆਨ ਵਿੱਚ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਹੈ। ਦੇਸ਼ ਦੇ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਐਤਵਾਰ ਨੂੰ ਭਾਰੀ ਮੀਂਹ ਪਿਆ ਜਿਸ ਕਾਰਨ ਹੜ੍ਹ ਆ ਸਕਦਾ ਹੈ। ਬਿਊਰੋ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਲਗਪਗ 90 ਕਿਲੋਮੀਟਰ ਪ੍ਰਤੀ ਘੰਟਾ (60 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਰਾਇਟਰਜ਼