Israel ਤੇ Iran ਵੱਲੋਂ ਜਾਰੀ ਹਮਲਿਆਂ ’ਚ ਸੈਂਕੜੇ ਮੌਤਾਂ ਹੋਣ ਦਾ ਦਾਅਵਾ
ਦੁਬਈ, 15 ਜੂਨ
ਇਜ਼ਰਾਈਲ ਨੇ ਅੱਜ ਇਰਾਨ ’ਤੇ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਨੇ ਇਰਾਨ ਦੀ ਊਰਜਾ ਇੰਡਸਟਰੀ ਤੇ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ, ਜਦਕਿ ਤਹਿਰਾਨ ਨੇ ਘਾਤਕ ਹਮਲਿਆਂ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ। ਇਕ ਮਨੁੱਖੀ ਅਧਿਕਾਰ ਜਥੇਬੰਦੀ ਮੁਤਾਬਕ, ਇਜ਼ਰਾਈਲ ਵੱਲੋਂ ਇਰਾਨ ਵਿੱਚ ਕੀਤੇ ਗਏ ਹਮਲਿਆਂ ਵਿੱਚ ਘੱਟੋ ਘੱਟ 406 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 654 ਹੋਰ ਜਣੇ ਜ਼ਖ਼ਮੀ ਹੋ ਗਏ। ਉੱਧਰ, ਇਜ਼ਰਾਈਲ ਦੇ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਤਹਿਰਾਨ ਵੱਲੋਂ ਕੀਤੇ ਹਮਲਿਆਂ ਨਾਲ ਦੇਸ਼ ਭਰ ਵਿਚ 14 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ ਗੈਲਿਲੀ ਖੇਤਰ ’ਚ ਇਕ ਅਪਾਰਟਮੈਂਟ ਵਿਚ ਹੋਈਆਂ ਚਾਰ ਮੌਤਾਂ ਵੀ ਸ਼ਾਮਲ ਹਨ।
ਇਨ੍ਹਾਂ ਹਮਲਿਆਂ ਮਗਰੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਚਿਤਾਵਨੀ ਦਿੱਤੀ ਕਿ ਇਜ਼ਰਾਈਲ ’ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਰਾਨ ਨੂੰ ‘ਬਹੁਤ ਭਾਰੀ ਕੀਮਤ’ ਚੁਕਾਉਣੀ ਪਵੇਗੀ। ਦੂਜੇ ਪਾਸੇ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਜੇ ਉਨ੍ਹਾਂ ਦੇ ਦੇਸ਼ ’ਤੇ ਇਜ਼ਰਾਇਲੀ ਹਮਲੇ ਬੰਦ ਹੋ ਜਾਣ ਤਾਂ ‘ਸਾਡੀ ਜਵਾਬੀ ਕਾਰਵਾਈ ਵੀ ਰੁਕ ਜਾਵੇਗੀ।’
ਉਧਰ ਇਜ਼ਰਾਈਲ ਨੇ ਤਹਿਰਾਨ ’ਚ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਦੇ ਨਾਲ ਉਨ੍ਹਾਂ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ, ਜੋ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਹਨ। ਇਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਕਿ ਇਰਾਨੀ ਮਿਜ਼ਾਈਲਾਂ ਨੇ ਇਜ਼ਰਾਇਲੀ ਲੜਾਕੂ ਜਹਾਜ਼ਾਂ ਲਈ ਈਂਧਣ ਪ੍ਰੋਡਕਸ਼ਨ ਫੈਸਿਲਟੀ ਨੂੰ ਨਿਸ਼ਾਨਾ ਬਣਾਇਆ।
ਇਜ਼ਰਾਈਲ ਨੇ ਹਾਲਾਂਕਿ ਇਰਾਨ ਦੇ ਇਸ ਦਾਅਵੇ ਬਾਰੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੱਧ ਇਜ਼ਰਾਈਲ ਵਿਚ ਹੋਏ ਹਮਲਿਆਂ ਵਿੱਚ 14 ਵਿਅਕਤੀ ਮਾਰੇ ਗਏ ਹਨ ਤੇ 390 ਜ਼ਖ਼ਮੀ ਹੋਏ ਹਨ। ਇਜ਼ਰਾਇਲੀ ਅੰਕੜਿਆਂ ਅਨੁਸਾਰ ਇਰਾਨ ਨੇ 270 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ ਜਿਨ੍ਹਾਂ ’ਚੋਂ 22 ਮਿਜ਼ਾਈਲਾਂ ਦੇਸ਼ ਦੀ ਅਤਿ-ਆਧੁਨਿਕ ਬਹੁ-ਪੱਧਰੀ ਹਵਾਈ ਸੁਰੱਖਿਆ ਨੂੰ ਸੰਨ੍ਹ ਲਾ ਕੇ ਹਮਲਾ ਕਰਨ ’ਚ ਕਾਮਯਾਬ ਰਹੀਆਂ।
ਦੋਵਾਂ ਮੁਲਕਾਂ ਵਿਚਾਲੇ ਟਕਰਾਅ ਦਰਮਿਆਨ ਇਰਾਨ ਤੇ ਅਮਰੀਕਾ ਵਿਚਕਾਰ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਯੋਜਨਾਬੱਧ ਗੱਲਬਾਤ ਰੱਦ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਲੜਾਈ ਦਾ ਅੰਤ ਕਦੋਂ ਅਤੇ ਕਿਵੇਂ ਹੋ ਸਕਦਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਤਹਿਰਾਨ ਸੜ ਰਿਹਾ ਹੈ।’
ਇਜ਼ਰਾਈਲ ਦੀ ਫੌਜ ਅਤੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੋਵਾਂ ਨੇ ਇਰਾਨ ਵੱਲੋਂ ਕੀਤੇ ਗਏ ਤਾਜ਼ਾ ਹਮਲੇ ਬਾਰੇ ਜਾਣਕਾਰੀ ਦਿੱਤੀ ਹੈ। ਅੱਧੀ ਰਾਤ ਦੇ ਕਰੀਬ ਸੁਰੱਖਿਆ ਬਾਰੇ ਇਜ਼ਰਾਈਲ ਕੈਬਨਿਟ ਦੀ ਮੀਟਿੰਗ ਦੌਰਾਨ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਦੁਨੀਆ ਭਰ ਦੇ ਆਗੂਆਂ ਨੇ ਤਣਾਅ ਤੁਰੰਤ ਘਟਾਉਣ ਦੀ ਅਪੀਲ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਨੇ ‘ਖਤਰਨਾਕ ਮਿਸਾਲ’ ਕਾਇਮ ਕੀਤੀ ਹੈ।
ਇਜ਼ਰਾਈਲ ਨੂੰ ਪੱਛਮੀ ਏਸ਼ੀਆ ਦਾ ਇੱਕੋ ਇੱਕ ਪ੍ਰਮਾਣੂ ਹਥਿਆਰਾਂ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਇਸ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਇਰਾਨ ’ਤੇ ਉਸ ਦੇ ਸੈਂਕੜੇ ਹਮਲਿਆਂ ਵਿੱਚ ਕਈ ਜਰਨੈਲ, ਨੌਂ ਸੀਨੀਅਰ ਵਿਗਿਆਨੀ ਅਤੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਮਾਹਿਰ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਵਿੱਚ ਇਰਾਨ ਦੇ ਰਾਜਦੂਤ ਨੇ ਕਿਹਾ ਕਿ 78 ਲੋਕ ਮਾਰੇ ਗਏ ਅਤੇ 320 ਤੋਂ ਵੱਧ ਜ਼ਖਮੀ ਹੋਏ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਜਿਨ੍ਹਾਂ ਨੇ ਕਿਹਾ ਸੀ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਤਬਾਹ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ, ਨੇ ਕਿਹਾ ਕਿ ਇਜ਼ਰਾਈਲ ਦੇ ਹੁਣ ਤੱਕ ਦੇ ਹਮਲੇ ਉਨ੍ਹਾਂ ਹਮਲਿਆਂ ਦੇ ਮੁਕਾਬਲੇ ਕੁਝ ਵੀ ਨਹੀਂ ਹਨ, ਜੋ ਉਸ ਦੀ ਫੌਜ ਆਉਣ ਵਾਲੇ ਦਿਨਾਂ ਵਿੱਚ ਕਰੇਗੀ। ਇਸੇ ਦੌਰਾਨ ਇਜ਼ਰਾਇਲੀ ਸੈਨਾ ਨੇ ਅੰਜ ਇਰਾਨੀਆਂ ਨੂੰ ‘ਫੌਜੀ ਹਥਿਆਰ ਉਤਪਾਦਨ ਕਾਰਖਾਨੇ’ ਤੁਰੰਤ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ ਜਿਸ ਮਗਰੋਂ ਨਵੇਂ ਹਮਲਿਆਂ ਦਾ ਖਦਸ਼ਾ ਵਧ ਗਿਆ ਹੈ। -ਏਪੀ