ਯਮਨ ਤੋਂ ਛੱਡੇ ਹੂਤੀ ਡਰੋਨ ਵੱਲੋਂ ਦੱਖਣੀ ਰੇਮਨ ਹਵਾਈ ਅੱਡੇ ਨੇੜੇ ਹਮਲਾ
ਯਮਨ ਦੇ ਹੂਤੀ ਅਤਿਵਾਦੀ ਸਮੂਹ ਵੱਲੋਂ ਦਾਗੇ ਗਏ ਡਰੋਨ ਨੇ ਇਜ਼ਰਾਈਲ ਦੇ ਦੱਖਣੀ ਹਵਾਈ ਅੱਡੇ ਨੇੜੇ ਹਮਲਾ ਕੀਤਾ। ਇਸ ਹਮਲੇ ਨਾਲ ਹਵਾਈ ਖੇਤਰ ਬੰਦ ਹੋ ਗਿਆ ਅਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਜ਼ਰਾਇਲੀ ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ।
ਇਜ਼ਰਾਈਲ ਨੇ ਕਿਹਾ ਕਿ ਹੂਤੀਆਂ ਨੇ ਕਈ ਡਰੋਨ ਦਾਗੇ ਸਨ, ਜਿਨ੍ਹਾਂ ਵਿੱਚੋਂ ਕੁਝ ਨੂੰ ਇਜ਼ਰਾਈਲ ਤੋਂ ਬਾਹਰ ਹੀ ਨਸ਼ਟ ਕਰ ਦਿੱਤਾ ਗਿਆ। ਘੱਟੋ-ਘੱਟ ਇੱਕ ਡਰੋਨ ਦੱਖਣੀ ਇਜ਼ਰਾਇਲੀ ਸ਼ਹਿਰ ਇਲਾਤ ਨੇੜੇ ਰੇਮਨ ਕੌਮਾਂਤਰੀ ਹਵਾਈ ਅੱਡੇ ਦੇ ਨਜ਼ਦੀਕ ਡਿੱਗਿਆ। ਮਈ ਵਿੱਚ, ਇੱਕ ਹੂਤੀ ਮਿਜ਼ਾਈਲ ਇਜ਼ਰਾਈਲ ਦੇ ਮੁੱਖ ਹਵਾਈ ਅੱਡੇ ਨੇੜੇ ਡਿੱਗੀ ਸੀ, ਜਿਸ ਕਾਰਨ ਚਾਰ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ ਸਨ ਅਤੇ ਕਈ ਏਅਰਲਾਈਨਾਂ ਨੇ ਕਈ ਮਹੀਨਿਆਂ ਲਈ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਬਾਅਦ ਵਿੱਚ, ਇਜ਼ਰਾਈਲ ਨੇ ਯਮਨ ਦੀ ਰਾਜਧਾਨੀ ਸਨਾ ਵਿੱਚ ਮੁੱਖ ਹਵਾਈ ਅੱਡੇ ’ਤੇ ਹਮਲਾ ਕਰ ਕੇ ਇਸ ਨੂੰ ਨਸ਼ਟ ਕਰ ਦਿੱਤਾ ਸੀ।
ਇਜ਼ਰਾਈਲ ਦੀਆਂ ਬਚਾਅ ਸੇਵਾਵਾਂ ਮੈਗਨ ਡੇਵਿਡ ਐਡੋਮ ਮੁਤਾਬਕ, ਡਰੋਨ ਹਮਲੇ ਦੌਰਾਨ ਕਾਰਨ ਇੱਕ ਵਿਅਕਤੀ ਮਾਮੂਲੀ ਜ਼ਖਮੀ ਹੋਇਆ ਹੈ। ਅੱਜ ਦਾ ਇਹ ਹਮਲਾ ਯਮਨ ਦੀ ਬਾਗੀਆਂ ਦੇ ਕਬਜ਼ੇ ਵਾਲੀ ਰਾਜਧਾਨੀ ਸਨਾ ’ਤੇ ਇਜ਼ਰਾਇਲੀ ਹਮਲੇ ਤੋਂ ਦੋ ਹਫ਼ਤਿਆਂ ਬਾਅਦ ਹੋਇਆ ਹੈ, ਜਿਸ ਵਿੱਚ ਹੂਤੀ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕਈ ਕੈਬਨਿਟ ਮੈਂਬਰ ਮਾਰੇ ਗਏ ਸਨ। ਪ੍ਰਧਾਨ ਮੰਤਰੀ ਅਹਿਮਦ ਅਲ-ਰਾਹਾਵੀ ਇਜ਼ਰਾਇਲੀ-ਅਮਰੀਕੀ ਮੁਹਿੰਮ ਵਿੱਚ ਮਾਰੇ ਗਏ ਸਭ ਤੋਂ ਸੀਨੀਅਰ ਹੂਤੀ ਆਗੂ ਸਨ। ਇਹ ਮੁਹਿੰਮ ਇਰਾਨ ਸਮਰਥਿਤ ਬਾਗੀਆਂ ਖ਼ਿਲਾਫ਼ ਚਲਾਈ ਗਈ ਸੀ।