ਗਾਜ਼ਾ ’ਚ ਸ਼ਾਂਤੀ ਬਾਰੇ ਇਜ਼ਰਾਈਲ ਤੇ ਹਮਾਸ ਦਰਮਿਆਨ ਵਾਰਤਾ ਤੀਜੇ ਦਿਨ ਵੀ ਜਾਰੀ
ਵਾਰਤਾ ਵਿੱਚ ਟਰੰਪ ਦੇ ਪ੍ਰਮੁੱਖ ਦੂਤ ਦੇ ਸ਼ਾਮਲ ਹੋਣ ਦੀ ਆਸ
ਮਿਸਰ ਦੇ ਰਿਜ਼ੋਰਟ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਸ਼ਾਂਤੀ ਵਾਰਤਾ ਤੀਜੇ ਦਿਨ ਵੀ ਜਾਰੀ ਰਹੀ। ਇਸ ਵਾਰਤਾ ਵਿੱਚ ਅਮਰੀਕਾ, ਇਜ਼ਰਾਈਲ ਅਤੇ ਸਾਲਸੀ ਕਰਨ ਵਾਲੇ ਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਆਸ ਹੈ। ਇਹ ਸੰਕੇਤ ਹੈ ਕਿ ਵਾਰਤਾਕਾਰ ਗਾਜ਼ਾ ਵਿੱਚ ਜੰਗ ਖ਼ਤਮ ਕਰਨ ਲਈ ਅਮਰੀਕੀ ਯੋਜਨਾ ਦੇ ਸਭ ਤੋਂ ਔਖੇ ਮੁੱਦਿਆਂ ’ਤੇ ਸਹਿਮਤੀ ਬਣਾਉਣਾ ਚਾਹੁੰਦੇ ਹਨ।
ਹਮਾਸ ਦਾ ਕਹਿਣਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਿਚੋਲਿਆਂ ਤੋਂ ਪੱਕੀ ਗਾਰੰਟੀ ਦੀ ਮੰਗ ਕਰ ਰਿਹਾ ਹੈ ਕਿ ਸਮੂਹ ਵੱਲੋਂ ਬਾਕੀ ਬਚੇ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਬਾਅਦ ਇਜ਼ਰਾਈਲ, ਫਲਸਤੀਨੀ ਖੇਤਰ ਵਿੱਚ ਆਪਣੀ ਫੌਜੀ ਮੁਹਿੰਮ ਮੁੜ ਸ਼ੁਰੂ ਨਹੀਂ ਕਰੇਗਾ। ਸਾਰੇ ਪੱਖਾਂ ਨੇ ਦੋ ਸਾਲ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਸਮਝੌਤਾ ਹੋਣ ਦੀ ਆਸ ਜ਼ਾਹਿਰ ਕੀਤੀ ਹੈ, ਜਿਸ ਵਿੱਚ ਲੱਖਾਂ ਫਲਸਤੀਨੀ ਮਾਰੇ ਗਏ ਹਨ ਅਤੇ ਜ਼ਿਆਦਾਤਰ ਗਾਜ਼ਾ ਪੱਟੀ ਤਬਾਹ ਹੋ ਚੁੱਕੀ ਹੈ।
ਕਤਰ ਦੇ ਪ੍ਰਧਾਨ ਮੰਤਰੀ ਅਤੇ ਪ੍ਰਮੁੱਖ ਡਿਪਲੋਮੈਟ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਮਿਸਰ ਦੇ ਤੱਟਵਰਤੀ ਸ਼ਹਿਰ ਸ਼ਰਮ ਅਲ-ਸ਼ੇਖ ਪਹੁੰਚ ਰਹੇ ਹਨ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਦੇ ਮੱਧ ਪੂਰਬੀ ਦੂਤ ਸਟੀਵ ਵਿਟਕੌਫ ਅਤੇ ਰਾਸ਼ਟਰਪਤੀ ਦੇ ਜਵਾਈ ਜੇਰਡ ਕੁਸ਼ਨਰ ਦੇ ਵੀ ਵਾਰਤਾ ਵਿੱਚ ਸ਼ਾਮਲ ਹੋਣ ਦੀ ਆਸ ਹੈ।
ਜਦੋਂ ਕਤਰ, ਮਿਸਰ ਅਤੇ ਅਮਰੀਕੀ ਵਿਚੋਲੀਏ ਅੱਜ ਸਵੇਰੇ ਸ਼ੁਰੂਆਤੀ ਗੱਲਬਾਤ ਦੌਰਾਨ ਦੋਹਾਂ ਧਿਰਾਂ ਨੂੰ ਮਿਲੇ ਤਾਂ ਹਮਾਸ ਦੇ ਸੀਨੀਅਰ ਅਧਿਕਾਰੀ ਤਾਹਿਰ ਨੌਨੂ ਨੇ ਕਿਹਾ ਕਿ ਸਮੂਹ ਨੇ ਫਲਸਤੀਨੀ ਕੈਦੀਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ ਹੈ ਜਿਨ੍ਹਾਂ ਨੂੰ ਉਹ ਸਮਝੌਤੇ ਦੀਆਂ ਸ਼ਰਤਾਂ ਤਹਿਤ ਇਜ਼ਰਾਇਲੀ ਬੰਦੀਆਂ ਬਦਲੇ ਵਿੱਚ ਰਿਹਾਅ ਕਰਵਾਉਣਾ ਚਾਹੁੰਦੇ ਹਨ।
ਇਜ਼ਰਾਇਲ ਨੇ ਕਿਸ਼ਤੀਆਂ ਰੋਕੀਆਂ
ਤਲ ਅਵੀਵ: ਇਜ਼ਰਾਇਲੀ ਫੌਜ ਨੇ ਉਸ ਦੇ ਸਮੁੰਦਰੀ ਨਾਕਿਆਂ ਨੂੰ ਤੋੜ ਕੇ ਅੱਜ ਤੜਕੇ ਭੂਮੱਧ ਸਾਗਰ ਰਸਤੇ ਗਾਜ਼ਾ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੌਂ ਕਿਸ਼ਤੀਆਂ ਨੂੰ ਰੋਕ ਲਿਆ ਅਤੇ ਉਨ੍ਹਾਂ ’ਤੇ ਸਵਾਰ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਿਸ਼ਤੀਆਂ ਦੇ ਪ੍ਰਬੰਧਕਾਂ ਅਤੇ ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਦੱਸਿਆ ਕਿ ਕਿਸ਼ਤੀਆਂ ’ਤੇ ਸਵਾਰ 145 ਕਾਰਕੁਨਾਂ ਨੂੰ ਇਜ਼ਰਾਈਲ ਦੇ ਤੱਟ ’ਤੇ ਲਿਆਂਦਾ ਗਿਆ ਹੈ ਅਤੇ ਆਸ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਡਿਪੋਰਟ ਕਰ ਦਿੱਤਾ ਜਾਵੇਗਾ। ਉਸ ਨੇ ਦੱਸਿਆ ਕਿ ਸਾਰੇ ਕਾਰਕੁਨਾਂ ਦੀ ਸਿਹਤ ਠੀਕ ਹੈ। ਇਜ਼ਰਾਈਲ ਨੇ ਪਿਛਲੇ ਹਫ਼ਤੇ ਵੀ 40 ਤੋਂ ਵੱਧ ਕਿਸ਼ਤੀਆਂ ’ਤੇ ਸਵਾਰ ਹੋ ਕੇ ਸੰਕੇਤਕ ਤੌਰ ’ਤੇ ਗਾਜ਼ਾ ਵਿੱਚ ਮਨੁੱਖੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਯੂਰਪੀ ਸੰਸਦ ਮੈਂਬਰਾਂ ਅਤੇ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਸਣੇ ਲਗਪਗ 450 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਸੀ। -ਏਪੀ