ਗਾਜ਼ਾ: ਭੋਜਨ ਲਈ ਫਲਸਤੀਨੀਆਂ ਨੂੰ ਲਗਾਉਣੀ ਪੈ ਰਹੀ ਹੈ ਜਾਨ ਦੀ ਬਾਜ਼ੀ
ਖ਼ਾਨ ਯੂਨਿਸ (ਗਾਜ਼ਾ ਪੱਟੀ), 21 ਜੂਨ
ਗਾਜ਼ਾ ਵਿੱਚ ਫਲਸਤਨੀਆਂ ਨੂੰ ਭੋਜਨ ਲੈਣ ਦੀ ਆਸ ਵਿੱਚ ਰੋਜ਼ਾਨਾ ਜਾਨ ਦੀ ਬਾਜ਼ੀ ਲਗਾਉਣੀ ਪੈਂਦੀ ਹੈ। ਉਹ ਕਹਿੰਦੇ ਹਨ ਕਿ ਇਜ਼ਰਾਇਲੀ ਫੌਜੀ ਭੋਜਨ ਜਾਂ ਖੁਰਾਕੀ ਵਸਤਾਂ ਹਾਸਲ ਕਰਨ ਲਈ ਸਹਾਇਤਾ ਕੇਂਦਰਾਂ ਵੱਲ ਵਧਣ ਸਮੇਂ ਫੌਜੀ ਖੇਤਰਾਂ ਨੂੰ ਪਾਰ ਕਰਨ ਵਾਲੀ ਭੀੜ ’ਤੇ ਗੋਲੀਆਂ ਦੀ ਬੁਛਾੜ ਕਰ ਦਿੰਦੇ ਹਨ, ਜੇ ਲੋਕ ਭੋਜਨ ਹਾਸਲ ਕਰਨ ਵਿੱਚ ਸਫ਼ਲ ਵੀ ਹੋ ਜਾਂਦੇ ਹਨ ਤਾਂ ਹਥਿਆਬੰਦ ਚੋਰ ਭੋਜਨ ਹਾਸਲ ਕਰਨ ਵਾਲਿਆਂ ’ਤੇ ਘਾਤ ਲਗਾ ਕੇ ਹਮਲਾ ਕਰਨ ਦਾ ਮੌਕਾ ਦੇਖਦੇ ਰਹਿੰਦੇ ਹਨ।
ਫਲਸਤੀਨੀਆਂ ਦਾ ਕਹਿਣਾ ਹੈ ਕਿ ਬਦਅਮਨੀ ਵੱਧ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪੇਟ ਭਰਨ ਲਈ ਦੌੜ ’ਚ ਸ਼ਾਮਲ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਕੁਝ ਖੁਸ਼ਕਿਸਮਤ ਲੋਕ ਦਾਲ ਦੇ ਕੁਝ ਪੈਕੇਟ, ਨਿਊਟੇਲਾ ਦੀ ਇਕ ਬੋਤਲ ਜਾਂ ਆਟੇ ਦੀ ਥੈਲੀ ਹਾਸਲ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ। ਕਈ ਲੋਕ ਖਾਲੀ ਹੱਥ ਪਰਤਦੇ ਹਨ ਅਤੇ ਅਗਲੇ ਦਿਨ ਮੁੜ ਤੋਂ ਇਹੀ ਕਸ਼ਟ ਸਹਿਣਾ ਪੈਂਦਾ ਹੈ।
ਜਾਮਿਲ ਅਤੀਲੀ ਨੇ ਕਿਹਾ, ‘‘ਇਹ ਸਹਾਇਤਾ ਨਹੀਂ ਹੈ। ਇਹ ਅਪਮਾਨ ਹੈ।’’ ਜਦੋਂ ਉਹ ਪਿਛਲੇ ਹਫ਼ਤੇ ਗਾਜ਼ਾ ਹਿਊਮੈਨੀਟੇਰੀਅਨ ਫਾਊਂਡੇਸ਼ਨ ਵੱਲੋਂ ਚਲਾਏ ਜਾਂਦੇ ਇਕ ਖੁਰਾਕ ਕੇਂਦਰ ’ਤੇ ਭੋਜਨ ਲੈਣ ਗਿਆ ਤਾਂ ਭੋਜਨ ਹਾਸਲ ਕਰਨ ਲਈ ਹੁੰਦੀ ਜ਼ੋਰ-ਅਜਮਾਇਸ਼ ਦੌਰਾਨ ਉਸ ਦੇ ਚਿਹਰੇ ’ਤੇ ਚਾਕੂ ਦਾ ਕੱਟ ਲੱਗ ਗਿਆ ਸੀ। ਇਕ ਠੇਕੇਦਾਰ ਦੇ ਗਾਰਡ ਨੇ ਉਸ ਦੇ ਚਿਹਰੇ ’ਤੇ ਕਾਲੀ ਮਿਰਚਾਂ ਦਾ ਪਾਊਡਰ ਸਪਰੇਅ ਕਰ ਦਿੱਤਾ ਸੀ। ਫਿਰ ਵੀ, ਉਹ ਆਪਣੇ 13 ਪਰਿਵਾਰਕ ਮੈਂਬਰਾਂ ਲਈ ਕੁਝ ਹਾਸਲ ਨਹੀਂ ਕਰ ਸਕਿਆ। ਉਸ ਨੇ ਰੋਂਦੇ ਹੋਏ ਕਿਹਾ, ‘‘ਮੇਰੇ ਕੋਲ ਆਪਣੇ ਬੱਚਿਆਂ ਨੂੰ ਖੁਆਉਣ ਲਈ ਕੁਝ ਨਹੀਂ ਹੈ। ਮੇਰਾ ਦਿਲ ਟੁੱਟ ਗਿਆ ਹੈ।’’ ਇਜ਼ਰਾਈਲ ਨੇ ਪਿਛਲੇ ਮਹੀਨੇ ਗਾਜ਼ਾ ਵਿੱਚ ਖੁਰਾਕੀ ਵਸਤਾਂ ਦੀ ਸਪਲਾਈ 10 ਹਫ਼ਤੇ ਤੱਕ ਪੂਰੀ ਤਰ੍ਹਾਂ ਬੰਦ ਰੱਖਣ ਮਗਰੋਂ ਮੁੜ ਤੋਂ ਸ਼ੁਰੂ ਕੀਤੀ ਹੈ। ਹਾਲਾਂਕਿ, ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਭੁੱਖਮਰੀ ਨੂੰ ਖ਼ਤਮ ਕਰਨ ਲਈ ਕਾਫੀ ਨਹੀਂ ਹੈ। ਜ਼ਿਆਦਾਤਰ ਸਪਲਾਈ ਜੀਐੱਚਐੱਫ ਨੂੰ ਜਾਂਦੀ ਹੈ ਜੋ ਕਿ ਇਜ਼ਰਾਇਲੀ ਫੌਜੀ ਖੇਤਰਾਂ ਦੇ ਅੰਦਰ ਚਾਰ ਖੁਰਾਕ ਵੰਡ ਕੇਂਦਰ ਚਲਾਉਂਦਾ ਹੈ। -ਏਪੀ
ਇਜ਼ਰਾਇਲੀ ਗੋਲੀਬਾਰੀ ’ਚ ਸੈਂਕੜੇ ਲੋਕ ਹੋ ਚੁੱਕੇ ਨੇ ਹਲਾਕ
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ, ਪਿਛਲੇ ਹਫਤਿਆਂ ਵਿੱਚ ਜੀਐੱਚਐੱਫ ਕੇਂਦਰਾਂ ਵੱਲ ਜਾਣ ਵਾਲੀਆਂ ਸੜਕਾਂ ’ਤੇ ਭੀੜ ਉੱਪਰ ਇਜ਼ਰਾਇਲੀ ਫੌਜੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕਈ ਸੌ ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਜ਼ਖ਼ਮੀ ਵੀ ਹੋਏ ਹਨ। ਨਾਲ ਹੀ, ਪਿਛਲੇ ਹਫ਼ਤਿਆਂ ਵਿੱਚ ਭੁੱਖੀ ਭੀੜ ਨੇ ਸੰਯੁਕਤ ਰਾਸ਼ਟਰ ਦੇ ਜ਼ਿਆਦਾਤਰ ਟਰੱਕਾਂ ਦੇ ਕਾਫਲਿਆਂ ’ਤੇ ਕਬਜ਼ਾ ਕਰ ਲਿਆ ਅਤੇ ਸਪਲਾਈ ਲਈ ਆਈ ਰਸਦ ਲੁੱਟ ਲਈ। ਪ੍ਰਤੱਖਦਰਸੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਫੌਜੀਆਂ ਨੇ ਫੌਜੀ ਖੇਤਰਾਂ ਕੋਲ ਟਰੱਕਾਂ ਦਾ ਇੰਤਜ਼ਾਰ ਕਰ ਰਹੀ ਭੀੜ ਨੂੰ ਖਿੰਡਾਉਣ ਲਈ ਗੋਲੀਬਾਰੀ ਕੀਤੀ ਹੈ। ਮੰਤਰਾਲੇ ਮੁਤਾਬਕ, ਮੰਗਲਵਾਰ ਨੂੰ 50 ਤੋਂ ਵੱਧ ਲੋਕ ਮਾਰੇ ਗਏ ਸਨ।