ਗਾਜ਼ਾ: ਇਜ਼ਰਾਇਲੀ ਹਮਲੇ ’ਚ 20 ਤੋਂ ਵੱਧ ਫ਼ਲਸਤੀਨੀ ਹਲਾਕ
ਇਜ਼ਰਾਇਲੀ ਫ਼ੌਜ ਨੇ ਅੱਜ ਗਾਜ਼ਾ ਪੱਟੀ ਵਿੱਚ ਭੋਜਨ ਦੀ ਤਲਾਸ਼ ਵਿੱਚ ਨਿਕਲੇ ਘੱਟ ਤੋਂ ਘੱਟ 23 ਫਲਸਤੀਨੀਆਂ ਦੀ ਹੱਤਿਆ ਕਰ ਦਿੱਤੀ। ਹਸਪਤਾਲ ਦੇ ਅਧਿਕਾਰੀਆਂ ਤੇ ਚਸ਼ਮਦੀਦਾਂ ਅਨੁਸਾਰ ਕੁਪੋਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਣ ਦੌਰਾਨ ਸਹਾਇਤਾ ਵੰਡ ਕੇਂਦਰਾਂ ਨੇੜੇ ਇਕੱਠੀ ਹੋਈ ਭੁੱਖੀ ਭੀੜ ’ਤੇ ਇਜ਼ਰਾਇਲੀ ਫੌਜ ਨੇ ਗੋਲੀਆਂ ਚਲਾ ਦਿੱਤੀਆਂ।
20 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਫਲਸਤੀਨੀ ਖੇਤਰ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਕੀਤੀ ਨਾਕਾਬੰਦੀ ਅਤੇ ਲਗਪਗ ਦੋ ਸਾਲ ਤੋਂ ਜਾਰੀ ਜੰਗ ਕਾਰਨ ਇਸ ਖੇਤਰ ਵਿੱਚ ਅਕਾਲ ਪੈਣ ਦਾ ਖ਼ਤਰਾ ਹੈ।
ਖ਼ੁਰਾਕੀ ਵੰਡ ਕੇਂਦਰ ਵੱਲ ਜਾ ਰਹੀ ਭੀੜ ਵਿੱਚ ਸ਼ਾਮਲ ਯੂਸਫ਼ ਆਬੇਦ ਨੇ ਦੱਸਿਆ ਕਿ ਉਹ ਅੰਨ੍ਹੇਵਾਹ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ। ਉਸਨੇ ਆਲੇ-ਦੁਆਲੇ ਦੇਖਿਆ ਤਾਂ ਜ਼ਮੀਨ ’ਤੇ ਘੱਟੋ-ਘੱਟ ਤਿੰਨ ਜਣੇ ਖੂਨ ਨਾਲ ਲਥਪਥ ਪਏ ਸਨ। ਉਸ ਨੇ ਕਿਹਾ, ‘‘ਗੋਲੀਆਂ ਚੱਲਣ ਕਾਰਨ ਮੈਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਿਆ।’’ ਦੱਖਣੀ ਗਾਜ਼ਾ ਦੇ ਨਾਸੇਰ ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਸਹਾਇਤਾ ਵੰਡ ਕੇਂਦਰਾਂ ਨੇੜਿਓਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅੱਠ ਲਾਸ਼ਾਂ ਤੇਨਾ ਨੇੜਿਓਂ ਮਿਲੀਆਂ ਹਨ ਜੋ ਖਾਨ ਯੂਨਿਸ ਸਥਿਤ ਇੱਕ ਸਹਾਇਤਾ ਵੰਡ ਕੇਂਦਰ ਤੋਂ ਲਗਪਗ ਤਿੰਨ ਕਿਲੋਮੀਟਰ ਦੂਰ ਹੈ। ਇਹ ਕੇਂਦਰ ਗਾਜ਼ਾ ਮਾਨਵਤਾਵਾਦੀ ਫਾਊਂਡੇਸ਼ਨ ਵੱਲੋਂ ਚਲਾਇਆ ਜਾਂਦਾ ਹੈ, ਜੋ ਅਮਰੀਕੀ ਤੇ ਇਜ਼ਰਾਇਲੀ ਸਮਰੱਥਾ ਪ੍ਰਾਪਤ ਸੰਸਥਾ ਹੈ ।
ਹਸਪਤਾਲ ਨੂੰ ਰਾਫਾਹ ਵਿੱਚ ਇੱਕ ਵੱਖਰੀ ਗਾਜ਼ਾ ਮਾਨਵਤਾਵਾਦੀ ਫਾਊਂਡੇਸ਼ਨ ਦੇ ਕੇਂਦਰ ਤੋਂ ਸੈਂਕੜੇ ਮੀਟਰ ਉੱਤਰ ਵਿੱਚ ਸਥਿਤ ਸ਼ਾਕੋਸ਼ ਖੇਤਰ ਵਿੱਚੋਂ ਵੀ ਇੱਕ ਲਾਸ਼ ਮਿਲੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੋਰਾਗ ਕੌਰੀਡੋਰ ਦੇ ਨੇੜੇ ਫੌਜ ਵੱਲੋਂ ਨੌਂ ਹੋਰ ਵਿਅਕਤੀਆਂ ਦੀ ਵੀ ਹੱਤਿਆ ਕਰ ਦਿੱਤੀ ਗਈ। ਉਹ ਇਜ਼ਰਾਇਲੀ ਸਰਹੱਦ ਪਾਰ ਕਰ ਕੇ ਗਾਜ਼ਾ ਵਿੱਚ ਦਾਖ਼ਲ ਹੋਣ ਵਾਲੇ ਟਰੱਕਾਂ ਦੀ ਉਡੀਕ ਕਰ ਰਹੇ ਸਨ।