ਗਾਜ਼ਾ: ਇਜ਼ਰਾਇਲੀ ਫ਼ੌਜ ਵੱਲੋਂ 18 ਫਲਸਤੀਨੀਆਂ ਦੀ ਹੱਤਿਆ
ਇਜ਼ਰਾਇਲੀ ਫ਼ੌਜ ਵੱਲੋਂ ਅੱਜ ਗਾਜ਼ਾ ਵਿੱਚ ਘੱਟੋ-ਘੱਟ ਡੇਢ ਦਰਜਨ ਤੋਂ ਵੱਧ ਫਲਸਤੀਨੀਆਂ ਨੂੰ ਕਤਲ ਕਰ ਦਿੱਤਾ। ਮਰਨ ਵਾਲਿਆਂ ਵਿੱਚੋਂ ਅੱਠ ਭੋਜਨ ਦੀ ਭਾਲ ’ਚ ਵੰਡ ਕੇਂਦਰਾਂ ਤੱਕ ਆਏ ਹੋਏ ਸਨ। ਇਹ ਜਾਣਕਾਰੀ ਗਾਜ਼ਾ ਦੇ ਹਸਪਤਾਲਾਂ ਨੇ ਦਿੱਤੀ। ਫਲਸਤੀਨੀ ਲੋਕ ਪਾਬੰਦੀਆਂ ਦੇ ਬਾਵਜੂਦ ਭੋਜਨ ਲੱਭਣ ਦੇ ਆਪਣੇ ਯਤਨਾਂ ਵਿੱਚ ਕਾਫੀ ਜ਼ਿਆਦਾ ਖ਼ਤਰੇ ਲੈ ਰਹੇ ਹਨ। ਗਾਜ਼ਾ ਹਿਊਮੈਨੀਟੇਰੀਅਨ ਫਾਊਂਡੇਸ਼ਨ (ਜੀਐੱਚਐੱਚ) ਦੇ ਇੱਕ ਵੰਡ ਕੇਂਦਰ ਨੇੜੇ ਯਾਹੀਆ ਯੂਸਫ਼ ਜੋ ਅੱਜ ਸਵੇਰੇ ਸਹਾਇਤਾ ਸਮੱਗਰੀ ਲੈਣ ਆਇਆ ਸੀ, ਨੇ ਭਿਆਨਕ ਦ੍ਰਿਸ਼ ਦਾ ਵਰਣਨ ਕੀਤਾ ਜੋ ਹੁਣ ਆਮ ਹੋ ਗਿਆ ਹੈ। ਉਸ ਨੇ ਦੱਸਿਆ ਕਿ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ ਤੋਂ ਬਾਅਦ ਉਸ ਨੇ ਆਲੇ-ਦੁਆਲੇ ਕਈ ਹੋਰਾਂ ਨੂੰ ਜ਼ਮੀਨ ’ਤੇ ਖੂਨ ਨਾਲ ਲਥਪਥ ਪਿਆ ਦੇਖਿਆ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਇਜ਼ਰਾਇਲੀ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ ਘੱਟੋ-ਘੱਟ 18 ਫਲਸਤੀਨੀ ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਨੂੰ ਇੱਕ ਵੰਡ ਕੇਂਦਰ ਦੇ ਆਸ-ਪਾਸ ਤੋਂ 36 ਹੋਰ ਜ਼ਖ਼ਮੀਆਂ ਦੇ ਨਾਲ ਕੇਂਦਰੀ ਗਾਜ਼ਾ ਦੇ ਇਕ ਹਸਪਤਾਲ ਲਿਜਾਇਆ ਗਿਆ।