ਗਾਜ਼ਾ: ਇਜ਼ਰਾਇਲੀ ਹਮਲਿਆਂ ’ਚ ਘੱਟੋ-ਘੱਟ 16 ਹਲਾਕ
ਪੋਪ ਨੇ ਹਮਾਸ ਨੂੰ ਗਾਜ਼ਾ ਲਈ ਟਰੰਪ ਦੀ ਸ਼ਾਂਤੀ ਯੋਜਨਾ ਸਵੀਕਾਰ ਕਰਨ ਦੀ ਅਪੀਲ ਕੀਤੀ
ਇਜ਼ਰਾਈਲ ਨੇ ਅੱਜ ਗਾਜ਼ਾ ਵਿੱਚ ਆਪਣਾ ਹਮਲਾ ਜਾਰੀ ਰੱਖਿਆ, ਜਿਸ ਵਿੱਚ ਘੱਟੋ-ਘੱਟ 16 ਫਲਸਤੀਨੀ ਇਸ ਪੱਟੀ ਵਿੱਚ ਮਾਰੇ ਗਏ, ਜਦੋਂ ਕਿ ਦੁਨੀਆ ਇਸ ਸੰਘਰਸ਼ ਵਾਲੇ ਖੇਤਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ’ਤੇ ਹਮਾਸ ਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਹੈ। ਪੋਪ ਲੀਓ ਨੇ ਹਮਾਸ ਨੂੰ ਗਾਜ਼ਾ ਲਈ ਟਰੰਪ ਦੀ ਸ਼ਾਂਤੀ ਯੋਜਨਾ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਇਜ਼ਰਾਇਲੀ ਹਮਲੇ ਵਿੱਚ ਮਰਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਗਾਜ਼ਾ ਸ਼ਹਿਰ ’ਚ ਸਕੂਲ ਵਿੱਚ ਸ਼ਰਨ ਲਈ ਹੋਈ ਸੀ। ਅਲ-ਅਹਲੀ ਹਸਪਤਾਲ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਪੂਰਬੀ ਜ਼ੈਤੂਨ ਇਲਾਕੇ ਵਿੱਚ ਸਥਿਤ ਅਲ-ਫਲਾਹ ਸਕੂਲ ’ਤੇ ਮਿੰਟਾਂ ਦੇ ਫ਼ਰਕ ਨਾਲ ਦੋ ਵਾਰ ਹਮਲਾ ਕੀਤਾ ਗਿਆ। ਇਸੇ ਹਸਪਤਾਲ ਨੇ ਦੱਸਿਆ ਕਿ ਬਾਅਦ ਵਿੱਚ ਪੰਜ ਫਲਸਤੀਨੀ ਹੋਰ ਮਾਰੇ ਗਏ, ਜਦੋਂ ਗਾਜ਼ਾ ਸ਼ਹਿਰ ਦੇ ਪੱਛਮੀ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੇ ਟੈਂਕ ਦੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪੋਪ ਨੇ ਹਮਾਸ ਵੱਲੋਂ 7 ਅਕਤੂਬਰ 2023 ਨੂੰ ਬੰਦੀ ਬਣਾਏ ਵਿਅਕਤੀਆਂ ਦੀ ਰਿਹਾਈ ਅਤੇ ਨਾਲ ਹੀ ਤੁਰੰਤ ਜੰਗਬਦੀ ਦੀ ਆਪਣੀ ਅਪੀਲ ਦੁਹਰਾਈ।