ਗਾਜ਼ਾ: ਇਜ਼ਰਾਈਲ ਦੇ ਹਮਲੇ ’ਚ 6 ਪੱਤਰਕਾਰ ਹਲਾਕ
ਇਜ਼ਰਾਇਲੀ ਫੌਜ ਵੱਲੋਂ ਕੁਝ ਮੀਡੀਆ ਅਦਾਰਿਆਂ ਦੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਅਲ ਜਜ਼ੀਰਾ ਦੇ ਅਨਸ ਅਲ-ਸ਼ਰੀਫ਼ ਅਤੇ ਮੁਹੰਮਦ ਕੁਰੈਕਾ ਸਮੇਤ ਛੇ ਪੱਤਰਕਾਰਾਂ ਦੀ ਮੌਤ ਹੋ ਗਈ। ਹਮਲੇ ’ਚ ਦੋ ਹੋਰ ਵਿਅਕਤੀ ਵੀ ਮਾਰੇ ਗਏ ਹਨ। ਇਹ ਹਮਲਾ ਗਾਜ਼ਾ ਵਿਚ ਸ਼ਿਫ਼ਾ ਹਸਪਤਾਲ ਦੇ ਬਾਹਰ ਤੰਬੂਆਂ ’ਚ ਬਣੇ ਸ਼ਰਨਾਰਥੀ ਕੈਂਪ ’ਤੇ ਕੀਤਾ ਗਿਆ। ਹਸਪਤਾਲ ਦੇ ਪ੍ਰਬੰਧਕੀ ਡਾਇਰੈਕਟਰ ਰਾਮੀ ਮੋਹੰਨਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਮਲੇ ’ਚ ਹਸਪਤਾਲ ਦੀ ਐਮਰਜੈਂਸੀ ਬਿਲਡਿੰਗ ਦੇ ਪ੍ਰਵੇਸ਼ ਦੁਆਰ ਨੂੰ ਵੀ ਨੁਕਸਾਨ ਪੁੱਜਾ ਹੈ। ਇਜ਼ਰਾਇਲੀ ਫੌਜ ਨੇ ਅਲ-ਸ਼ਰੀਫ਼ ਨੂੰ ਹਮਾਸ ਸੈੱਲ ਦਾ ਆਗੂ ਕਰਾਰ ਦਿੱਤਾ। ਉਂਜ ਅਲ ਜਜ਼ੀਰਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਜੰਗ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਇਜ਼ਰਾਇਲੀ ਫੌਜ ਨੇ ਹਮਲੇ ’ਚ ਕਿਸੇ ਪੱਤਰਕਾਰ ਨੂੰ ਮਾਰਨ ਦੀ ਤੁਰੰਤ ਜ਼ਿੰਮੇਵਾਰੀ ਲਈ ਹੈ। ਅਲ ਜਜ਼ੀਰਾ ਨੇ ਹਮਲੇ ਨੂੰ ‘ਨਿਸ਼ਾਨਾ ਬਣਾ ਕੇ ਕਤਲ’ ਕਰਾਰ ਦਿੰਦਿਆਂ ਇਜ਼ਰਾਇਲੀ ਅਧਿਕਾਰੀਆਂ ’ਤੇ ਭੜਕਾਹਟ ਫੈਲਾਉਣ ਦਾ ਦੋਸ਼ ਲਾਇਆ। ਕਤਰ ਦੇ ਟੀਵੀ ਨੈੱਟਵਰਕ ਨੇ ਇਕ ਬਿਆਨ ’ਚ ਕਿਹਾ ਕਿ ਗਾਜ਼ਾ ਅੰਦਰ ਅਨਸ ਅਤੇ ਉਸ ਦੇ ਕੁਝ ਹੀ ਸਾਥੀ ਬਚੇ ਸਨ ਜੋ ਦੁਨੀਆ ਨੂੰ ਲੋਕਾਂ ਦੇ ਤਰਸਯੋਗ ਹਾਲਾਤ ਦੀ ਇੰਨ-ਬਿੰਨ ਰਿਪੋਰਟਿੰਗ ਕਰ ਰਹੇ ਸਨ। ਮਾਰੇ ਗਏ ਹੋਰ ਪੱਤਰਕਾਰਾਂ ਵਿਚ ਇਬਰਾਹਿਮ ਜ਼ਾਹਰ ਅਤੇ ਮੁਹੰਮਦ ਨੌਫਲ ਸ਼ਾਮਲ ਹਨ। ਅਲ-ਸ਼ਰੀਫ਼ ਨੇ ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ ਹੀ ਨੇੜੇ ਹੋਈ ਬੰਬਾਰੀ ਦੀ ਰਿਪੋਰਟਿੰਗ ਕੀਤੀ ਸੀ। ਪੱਤਰਕਾਰਾਂ ਦੀ ਸੁਰੱਖਿਆ ਬਾਰੇ ਕਮੇਟੀ ਨੇ ਐਤਵਾਰ ਨੂੰ ਕਿਹਾ ਕਿ ਗਾਜ਼ਾ ’ਚ ਘੱਟੋ ਘੱਟ 186 ਪੱਤਰਕਾਰ ਮਾਰੇ ਜਾ ਚੁੱਕੇ ਹਨ।
ਨੇਤਨਯਾਹੂ ਨੇ ਗਾਜ਼ਾ ’ਚ ਹੋਰ ਤਿੱਖੀ ਕਾਰਵਾਈ ਦਾ ਪੱਖ ਪੂਰਿਆ
ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਚ ਹੋਰ ਤਿੱਖੀ ਫੌਜੀ ਕਾਰਵਾਈ ਦਾ ਪੱਖ ਪੂਰਦਿਆਂ ਕਿਹਾ ਕਿ ਇਹ ਪਹਿਲਾਂ ਨਾਲੋਂ ਐਲਾਨਿਆ ਹੋਰ ਤਿੱਖਾ ਹਮਲਾ ਹੋਵੇਗਾ। ਇਜ਼ਰਾਈਲ ਅਤੇ ਹੋਰ ਮੁਲਕਾਂ ਵੱਲੋਂ ਵਿਰੋਧ ਦਰਮਿਆਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੂੰ ਹਰਾਉਣ ਅਤੇ ਕੰਮ ਨਿਬੇੜਨ ਲਈ ਇਜ਼ਰਾਈਲ ਕੋਲ ਹੋਰ ਕੋਈ ਬਦਲ ਨਹੀਂ ਹੈ। ਨੇਤਨਯਾਹੂ ਨੇ ਕਿਹਾ ਕਿ ਸੁਰੱਖਿਆ ਕੈਬਨਿਟ ਨੇ ਪਿਛਲੇ ਹਫ਼ਤੇ ਹਮਾਸ ਦੇ ਮਜ਼ਬੂਤ ਗੜ੍ਹਾਂ ਨੂੰ ਤਬਾਹ ਕਰਨ ਦੇ ਨਿਰਦੇਸ਼ ਦਿੱਤੇ ਹਨ। -ਏਪੀ