ਗਾਜ਼ਾ: ਸਹਾਇਤਾ ਵੰਡ ਕੇਂਦਰ ’ਤੇ ਭਾਜੜ ਕਾਰਨ 20 ਫਲਸਤੀਨੀ ਹਲਾਕ
ਗਾਜ਼ਾ ਪੱਟੀ ’ਚ ਇਜ਼ਰਾਇਲ ਸਮਰਥਿਤ ਅਮਰੀਕੀ ਸੰਸਥਾ ਵੱਲੋਂ ਚਲਾਏ ਜਾ ਰਹੇ ਸਹਾਇਤਾ ਵੰਡ ਕੇਂਦਰ ਉਪਰ ਕਥਿਤ ਤੌਰ ’ਤੇ ਭਾਜੜ ਮਚਣ ਕਾਰਨ 20 ਫਲਸਤੀਨੀ ਮਾਰੇ ਗਏ। ਗਾਜ਼ਾ ਮਾਨਵੀ ਫੰਡ (ਜੀਐੱਚਐੱਫ) ਨੇ ਪਹਿਲੀ ਵਾਰ ਆਪਣੇ ਕੇਂਦਰ ’ਤੇ ਹਿੰਸਕ ਘਟਨਾਵਾਂ ਦੀ ਗੱਲ ਕਬੂਲੀ ਹੈ। ਉਧਰ ਇਜ਼ਰਾਇਲੀ ਹਮਲਿਆਂ ’ਚ 11 ਬੱਚਿਆਂ ਸਮੇਤ 41 ਵਿਅਕਤੀ ਮਾਰੇ ਗਏ।
ਗਾਜ਼ਾ ਮਾਨਵੀ ਫੰਡ ਨੇ ਕਿਹਾ ਕਿ ਦੱਖਣੀ ਗਾਜ਼ਾ ਦੇ ਖ਼ਾਨ ਯੂਨਿਸ ਸ਼ਹਿਰ ’ਚ ਵੰਡ ਕੇਂਦਰ ’ਤੇ 19 ਵਿਅਕਤੀਆਂ ਦੀ ਮੌਤ ਭਗਦੜ ਦੌਰਾਨ ਦਰੜੇ ਜਾਣ ਕਾਰਨ ਹੋਈ ਜਦਕਿ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਥੇਬੰਦੀ ਨੇ ਹਮਾਸ ’ਤੇ ਗਲਤ ਸੂਚਨਾ ਫੈਲਾਏ ਜਾਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਕਾਰਨ ਹਿੰਸਾ ਫੈਲੀ। ਉਂਝ ਜਥੇਬੰਦੀ ਨੇ ਆਪਣੇ ਇਸ ਦਾਅਵੇ ਦੀ ਹਮਾਇਤ ’ਚ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਅਤੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮਈ ਤੋਂ ਹੁਣ ਤੱਕ ਸਹਾਇਤਾ ਹਾਸਲ ਕਰਨ ਦੀ ਉਡੀਕ ਕਰਦੇ ਸਮੇਂ ਜੀਐੱਚਐੱਫ ਵੰਡ ਕੇਂਦਰਾਂ ਜਾਂ ਦੂਜੀਆਂ ਥਾਵਾਂ ’ਤੇ ਕਰੀਬ 850 ਫਲਸਤੀਨੀ ਮਾਰੇ ਜਾ ਚੁੱਕੇ ਹਨ। -ਏਪੀ
ਇਜ਼ਰਾਈਲ ਵੱਲੋਂ ਸੀਰੀਆ ’ਚ ਰੱਖਿਆ ਮੰਤਰਾਲੇ ਨੇੜੇ ਹਮਲਾ
ਦਮੱਸ਼ਕ: ਇਜ਼ਰਾਇਲੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਦਮਸ਼ਕ ’ਚ ਸੀਰੀਆ ਦੇ ਰੱਖਿਆ ਮੰਤਰਾਲੇ ਨੇੜੇ ਹਮਲਾ ਕੀਤਾ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਸੀਰੀਆ ਦੇ ਦੱਖਣੀ ਸ਼ਹਿਰ ਸਵੇਦਾ ’ਚ ਸਰਕਾਰੀ ਬਲਾਂ ਅਤੇ ਦਰੂਜ਼ ਹਥਿਆਰਬੰਦ ਗੁੱਟਾਂ ਵਿਚਾਲੇ ਗੋਲੀਬੰਦੀ ਦਾ ਸਮਝੌਤਾ ਟੁੱਟ ਜਾਣ ਮਗਰੋਂ ਝੜਪਾਂ ਹੋਈਆਂ ਹਨ। ਟਕਰਾਅ ਸ਼ੁਰੂ ਹੋਣ ਮਗਰੋਂ ਇਜ਼ਰਾਈਲ ਨੇ ਸਥਾਨਕ ਫੌਜ ਦੇ ਕਾਫ਼ਲੇ ’ਤੇ ਲੜੀਵਾਰ ਹਮਲੇ ਕੀਤੇ। ਇਜ਼ਰਾਈਲ ਨੇ ਕਿਹਾ ਕਿ ਉਹ ਦਰੂਜ਼ ਧਾਰਮਿਕ ਘੱਟ ਗਿਣਤੀਆਂ ਦੀ ਰੱਖਿਆ ਲਈ ਹਮਲੇ ਕਰ ਰਿਹਾ ਹੈ। -ਏਪੀ