ਯੂਕਰੇਨ ’ਤੇ ਰੂਸੀ ਡਰੋਨ ਤੇ ਮਿਜ਼ਾਈਲ ਹਮਲੇ ’ਚ ਚਾਰ ਹਲਾਕ, 10 ਜ਼ਖ਼ਮੀ
ਰਿਹਾਇਸ਼ੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ; ਪਿਛਲੇ ਮਹੀਨੇ ਕੀਵ ’ਤੇ ਹਮਲੇ ਮਗਰੋਂ ਪਹਿਲੀ ਵੱਡੀ ਬੰਬਾਰੀ
ਰੂਸ ਨੇ ਲੰਘੀ ਰਾਤ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲ ਨਾਲ ਕਈ ਹਮਲੇ ਕੀਤੇ ਜਿਸ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 10 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ’ਚ ਸਭ ਤੋਂ ਵੱਧ ਨੁਕਸਾਨ ਰਾਜਧਾਨੀ ਕੀਵ ’ਚ ਹੋਇਆ ਹੈ। ਪਿਛਲੇ ਮਹੀਨੇ ਕੀਵ ’ਤੇ ਕੀਤੇ ਹਵਾਈ ਹਮਲੇ ’ਚ ਘੱਟ ਤੋਂ ਘੱਟ 21 ਵਿਅਕਤੀਆਂ ਦੀ ਮੌਤ ਮਗਰੋਂ ਇਹ ਪਹਿਲੀ ਵੱਡੀ ਬੰਬਾਰੀ ਹੈ।
ਕੀਵ ਸ਼ਹਿਰੀ ਪ੍ਰਸ਼ਾਸਨ ਦੇ ਮੁਖੀ ਤਾਇਮੂਰ ਤਕਾਚੈਂਕੋ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਜ਼ਖ਼ਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਸ਼ਹਿਰ ਭਰ ਦੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਨ੍ਹਾਂ ਹਮਲਿਆਂ ’ਚ 10 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ’ਚ 12 ਸਾਲ ਦੀ ਇੱਕ ਲੜਕੀ ਵੀ ਸ਼ਾਮਲ ਹੈ। ਸ਼ਹਿਰ ਦੇ ਕੇਂਦਰ ਨੇੜੇ ਹੋਏ ਧਮਾਕੇ ’ਚ ਸੰਘਣਾ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਸੀ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਅਨੁਸਾਰ ਰਾਤ ਨੂੰ ਸ਼ੁਰੂ ਹੋਏ ਅਤੇ ਤੜਕੇ ਤੋਂ ਬਾਅਦ ਵੀ ਜਾਰੀ ਰਹੇ ਹਮਲਿਆਂ ’ਚ ਰਿਹਾਇਸ਼ੀ ਇਮਾਰਤਾਂ, ਨਾਗਰਿਕ ਬੁਨਿਆਦੀ ਢਾਂਚੇ, ਮੈਡੀਕਲ ਸੰਸਥਾ ਤੇ ਇੱਕ ਕਿੰਡਰਗਾਰਟਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਧਾਨੀ ’ਚ 20 ਤੋਂ ਵੱਧ ਥਾਵਾਂ ’ਤੇ ਨੁਕਸਾਨ ਪਹੁੰਚਿਆ ਹੈ। ਰੂਸੀ ਅਧਿਕਾਰੀਆਂ ਨੇ ਹਮਲਿਆਂ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਕੀਵ ਦੇ ਕੇਂਦਰੀ ਰੇਲਵੇ ਸਟੇਸ਼ਨ ’ਤੇ ਮੁਸਾਫਰ ਗੋਲੀਆਂ ਤੇ ਡਰੋਨਾਂ ਦੀਆਂ ਆਵਾਜ਼ਾਂ ਵਿਚਾਲੇ ਪਹੁੰਚੇ। ਜ਼ਿਆਦਾਤਰ ਲੋਕ ਹਮਲੇ ਦੀ ਚਿਤਾਵਨੀ ਖਤਮ ਹੋਣ ਤੱਕ ਪਲੈਟਫਾਰਮ ਅੰਡਰਪਾਸ ’ਚ ਚੁੱਪਚਾਪ ਬੈਠੇ ਰਹੇ। ਅਮਰੀਕਾ ਅਤੇ ਨਾਟੋ ਮੁਲਕ ਰੂਸ ਨੂੰ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਉਹ ਯੂਕਰੇਨ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।