ਅਮਰੀਕਾ ਦੇ ਸਾਬਕਾ ਸਦਰ Jimmy Carter ਦਾ ਦੇਹਾਂਤ; ਜਿਨ੍ਹਾਂ ਦੇ ਨਾਂ 'ਤੇ ਰੱਖਿਆ ਹੈ ਇੱਕ ਭਾਰਤੀ ਪਿੰਡ ਦਾ ਨਾਂ
Former US President Jimmy Carter, after whom an Indian village was named, passes away at 100
ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (President-elect Donald Trump) ਨੇ ਕਿਹਾ ਕਿ ਪਾਂਵੇਂ ਉਨ੍ਹਾਂ ਦੇ ਕਾਰਟਰ ਨਾਲ ’ਫਿਲਾਸਫੀ ਅਤੇ ਸਿਆਸੀ ਤੌਰ 'ਤੇ ਬਹੁਤ ਜ਼ਿਆਦਾ ਮਤਭੇਦ’ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਹ ‘ਸਾਡੇ ਦੇਸ਼’ ਨੂੰ ਸੱਚਮੁੱਚ ਪਿਆਰ ਕਰਦੇ ਸਨ ਅਤੇ ਇਸ ਦੀਆਂ ‘ਕਦਰਾਂ ਕੀਮਤਾਂ ਦਾ ਸਤਿਕਾਰ’ ਕਰਦੇ ਹਨ। ਉਨ੍ਹਾਂ ਕਿਹਾ, "ਉਨ੍ਹਾਂ ਨੇ ਅਮਰੀਕਾ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ, ਅਤੇ ਇਸ ਲਈ, ਮੈਂ ਉਨ੍ਹਾਂ ਨੂੰ ਤਹਿ ਦਿਲੋਂ ਸਤਿਕਾਰ ਦਿੰਦਾ ਹਾਂ।"
ਭਾਰਤ ਦੇ ਦੋਸਤ ਮੰਨੇ ਜਾਂਦੇ ਸਨ ਕਾਰਟਰ
ਕਾਰਟਰ ਨੂੰ ਭਾਰਤ ਦਾ ਦੋਸਤ ਮੰਨਿਆ ਜਾਂਦਾ ਸੀ। ਉਹ 1977 ਵਿੱਚ ਐਮਰਜੈਂਸੀ ਹਟਾਉਣ ਅਤੇ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ। ਭਾਰਤੀ ਸੰਸਦ ਨੂੰ ਆਪਣੇ ਸੰਬੋਧਨ ਵਿੱਚ ਕਾਰਟਰ ਨੇ ਤਾਨਾਸ਼ਾਹੀ ਹਕੂਮਤ ਦਾ ਵਿਰੋਧ ਕੀਤਾ ਸੀ। ਉਨ੍ਹਾਂ 2 ਜਨਵਰੀ, 1978 ਨੂੰ ਕਿਹਾ ਸੀ, ‘‘ਭਾਰਤ ਦੀਆਂ ਮੁਸ਼ਕਲਾਂ, ਜਿਨ੍ਹਾਂ ਦਾ ਅਸੀਂ ਅਕਸਰ ਆਪਣੇ ਆਪ ਅਨੁਭਵ ਕਰਦੇ ਹਾਂ ਅਤੇ ਜੋ ਵਿਕਾਸਸ਼ੀਲ ਸੰਸਾਰ ਵਿੱਚ ਦਰਪੇਸ਼ ਸਮੱਸਿਆਵਾਂ ਦੀ ਵਿਸ਼ੇਸ਼ਤਾ ਹਨ, ਸਾਨੂੰ ਅੱਗੇ ਆਉਣ ਵਾਲੇ ਕੰਮਾਂ ਦੀ ਯਾਦ ਦਿਵਾਉਂਦੀਆਂ ਹਨ। ਪਰ ਇਹ ਸਾਨੂੰ ਤਾਨਾਸ਼ਾਹੀ ਰਾਹ ਨਹੀਂ ਸੁਝਾਉਂਦੀਆਂ।"
ਇੱਕ ਦਿਨ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ (Morarji Desai) ਦੇ ਨਾਲ ਦਿੱਲੀ ਐਲਾਨਨਾਮੇ ’ਤੇ ਦਸਤਖਤ ਕਰਨ ਵੇਲੇ, ਕਾਰਟਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਦੋਸਤੀ ਦੇ ਕੇਂਦਰ ਵਿੱਚ ਉਨ੍ਹਾਂ ਦਾ ਇਹ ਦ੍ਰਿੜ੍ਹ ਇਰਾਦਾ ਹੈ ਕਿ ਲੋਕਾਂ ਦੀਆਂ ਇਖ਼ਲਾਕੀ ਕਦਰਾਂ-ਕੀਤਾਂ ਵੱਲੋਂ ਰਿਆਸਤਾਂ/ਸਟੇਟਾਂ ਤੇ ਸਰਕਾਰਾਂ ਦੇ ਕੰਮਾਂ ਨੂੰ ਸੇਧ ਦਿੱਤੀ ਜਾਵੇ।
ਕਾਰਟਰ ਸੈਂਟਰ ਦੇ ਅਨੁਸਾਰ 3 ਜਨਵਰੀ, 1978 ਨੂੰ, ਕਾਰਟਰ ਅਤੇ ਉਨ੍ਹਾਂ ਦੀ ਪਤਨੀ ਤੇ ਪ੍ਰਥਮ ਮਹਿਲਾ ਰੋਜ਼ਾਲਿਨ ਕਾਰਟਰ (First Lady Rosalynn Carter) ਦੌਲਤਪੁਰ ਨਸੀਰਾਬਾਦ ਪਿੰਡ ਗਏ, ਜਿਹੜਾ ਨਵੀਂ ਦਿੱਲੀ ਤੋਂ ਇੱਕ ਘੰਟਾ ਸਫ਼ਰ ਦੇ ਫ਼ਾਸਲੇ ਉਤੇ ਹੈ। ਉਹ ਭਾਰਤ ਦਾ ਦੌਰਾ ਕਰਨ ਵਾਲੇ ਤੀਜੇ ਅਤੇ ਦੇਸ਼ ਨਾਲ ਨਿੱਜੀ ਸਬੰਧ ਰੱਖਣ ਵਾਲੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਸਨ।
ਕਾਰਟਰ ਸੈਂਟਰ ਮੁਤਾਬਕ, ‘‘ਇਹ ਦੌਰਾ ਇੰਨਾ ਸਫਲ ਰਿਹਾ ਕਿ ਥੋੜ੍ਹੀ ਦੇਰ ਬਾਅਦ ਪਿੰਡ ਦੇ ਵਸਨੀਕਾਂ ਨੇ ਪਿੰਡ ਦਾ ਨਾਂ 'ਕਾਰਟਰਪੁਰੀ' ਰੱਖ ਦਿੱਤਾ ਅਤੇ ਪਿੰਡ ਵਾਲੇ ਰਾਸ਼ਟਰਪਤੀ ਕਾਰਟਰ ਦੇ ਬਾਕੀ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੇ ਸੰਪਰਕ ਵਿੱਚ ਰਹੇ।... ਇਸ ਯਾਤਰਾ ਨੇ ਇੱਕ ਸਥਾਈ ਪ੍ਰਭਾਵ ਪਾਇਆ: ਜਦੋਂ ਰਾਸ਼ਟਰਪਤੀ ਕਾਰਟਰ ਨੇ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਤਾਂ ਪਿੰਡ ਵਿੱਚ ਭਾਰੀ ਜਸ਼ਨ ਮਨਾਏ ਗਏ ਅਤੇ 3 ਜਨਵਰੀ ਨੂੰ ਕਾਰਟਰਪੁਰੀ ਵਿੱਚ ਛੁੱਟੀ ਰਹਿੰਦੀ ਹੈ।”
-ਪੀਟੀਆਈ