ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ 2007 ਦੀਆਂ ਚੋਣਾਂ ਦੌਰਾਨ ਆਪਣੀ ਮੁਹਿੰਮ ਲਈ ਲਿਬੀਆ ਤੋਂ ਪ੍ਰਾਪਤ ਫੰਡਾਂ ਰਾਹੀਂ ਅਪਰਾਧਿਕ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਪੰਜ ਸਾਲ ਕੈਦ ਦੀ ਸਜ਼ਾ ਕੱਟਣ ਅੱਜ ਪੈਰਿਸ ਦੀ ਜੇਲ੍ਹ ਪਹੁੰਚ ਗਏ ਹਨ। ਉਹ ਆਧੁਨਿਕ ਫਰਾਂਸ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੈ। ਸਰਕੋਜ਼ੀ ਆਪਣੀ ਪਤਨੀ ਕਾਰਲਾ ਬਰੂਨੀ ਸਰਕੋਜ਼ੀ ਨਾਲ ਘਰੋਂ ਨਿਕਲੇ ਅਤੇ ਲਾ ਸਾਂਤੇ ਜੇਲ੍ਹ ਜਾਣ ਲਈ ਕਾਰ ਵਿੱਚ ਸਵਾਰ ਹੋਏ। ਜੇਲ੍ਹ ਜਾਂਦੇ ਸਮੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਸਰਕੋਜ਼ੀ ਨੇ ਕਿਹਾ, ‘‘ਬੇਕਸੂਰ ਬੰਦੇ ਨੂੰ ਜੇਲ੍ਹ ’ਚ ਸੁੱਟਿਆ ਜਾ ਰਿਹਾ ਹੈ।’’ ਪਿਛਲੇ ਮਹੀਨੇ ਉਨ੍ਹਾਂ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ ਕਿ ਉਨ੍ਹਾਂ ਲਿਬੀਆ ਤੋਂ ਗ਼ੈਰਕਾਨੂੰਨੀ ਫੰਡਿੰਗ ਹਾਸਲ ਕਰ ਕੇ 2007 ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਵਿੱਤੀ ਫੰਡਿੰਗ ਦੇਣ ਦੀ ਸਾਜ਼ਿਸ਼ ਘੜੀ ਸੀ। ਸਰਕੋਜ਼ੀ ਨੇ ਸਜ਼ਾ ’ਤੇ ਅਪੀਲ ਪੈਂਡਿੰਗ ਰਹਿਣ ਦੌਰਾਨ ਜੇਲ੍ਹ ਭੇਜੇ ਜਾਣ ਦੇ ਅਦਾਲਤੀ ਹੁਕਮ ਨੂੰ ਚੁਣੌਤੀ ਦਿੱਤੀ ਹੈ।
ਜੇਲ੍ਹ ਅੰਦਰ ਦਾਖਲ ਹੋਣ ਤੋਂ ਕੁਝ ਸਮਾਂ ਪਹਿਲਾਂ ਸਰਕੋਜ਼ੀ ਤੇ ਉਨ੍ਹਾਂ ਦੀ ਪਤਨੀ ਆਪਣੇ ਬੱਚਿਆਂ ਅਤੇ ਦੋਹਤੇ-ਪੋਤਿਆਂ ਨੂੰ ਮਿਲਣ ਲਈ ਘਰੋਂ ਬਾਹਰ ਨਿਕਲੇ। ਉਨ੍ਹਾਂ ਆਪਣੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਹਮਾਇਤੀਆਂ ਵੱਲ ਹੱਥ ਹਿਲਾਇਆ ਤੇ ਫਿਰ ਕਾਰ ’ਚ ਬੈਠ ਕੇ ਜੇਲ੍ਹ ਲਈ ਰਵਾਨਾ ਹੋ ਗਏ। ਰਾਸ਼ਟਰਪਤੀ ਰਿਹਾਇਸ਼ ਦੇ ਬਾਹਰ ਨਿਕੋਲਸ ਦੇ ਪੁੱਤਰ ਤੇ ਧੀ ਯਾਂ, ਪੀਅਰੇ, ਲੁਈ ਤੇ ਜੁਲੀਆ ਤੋਂ ਇਲਾਵਾ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ।