ਪਾਕਿਸਤਾਨ ’ਚ ਹੜ੍ਹਾਂ ਨੇ ਮਚਾਈ ਤਬਾਹੀ; 17 ਮੌਤਾਂ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ, ਜਿਸ ਕਾਰਨ ਪਿਛਲੇ 24 ਘੰਟਿਆਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਤਲੁਜ, ਰਾਵੀ ਅਤੇ ਚਨਾਬ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆਏ ਹਨ ਤੇ ਇਨ੍ਹਾਂ ਹੜ੍ਹਾਂ ਕਾਰਨ 13 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ ਸੂਬੇ ਵਿੱਚ ਫਸੇ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਕਾਰਨ ਲੱਖਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ ਹੈ।
ਪੰਜਾਬ ਐਮਰਜੈਂਸੀ ਸੇਵਾਵਾਂ 1122 ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਹੜ੍ਹਾਂ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚੋ ਸੱਤ ਜਣੇ ਸਿਆਲਕੋਟ, ਚਾਰ ਗੁਜਰਾਤ, ਤਿੰਨ ਨਾਰੋਵਾਲ, ਦੋ ਹਾਫਿਜ਼ਾਬਾਦ ਅਤੇ ਗੁਜਰਾਂਵਾਲਾ ਦਾ ਇਕ ਜਣਾ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਮੀਂਹ ਪੈਣ ਤੇ ਭਾਰਤ ਦੇ ਡੈਮਾਂ ਤੋਂ ਪਾਣੀ ਛੱਡਣ ਕਾਰਨ ਤਿੰਨਾਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਪਾਕਿਸਤਾਨ ਦੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਭਾਰਤ ’ਤੇ ਵਾਧੂ ਪਾਣੀ ਛੱਡਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫ਼ਤ ਹੈ ਜਿਸ ਨਾਲ ਸਰਹੱਦ ਦੇ ਦੋਵੇਂ ਪਾਸੇ ਸਹਿਯੋਗ ਨਾਲ ਹੀ ਨਜਿੱਠਿਆ ਜਾ ਸਕਦਾ ਹੈ। ਭਾਰਤ ਨੂੰ ਇਸ ਨੂੰ ਕੁਦਰਤੀ ਆਫ਼ਤ ਸਮਝਣਾ ਚਾਹੀਦਾ ਸੀ ਅਤੇ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਸੀ। ਅਜਿਹਾ ਕਰਨ ਦੀ ਬਜਾਏ, ਭਾਰਤ ਨੇ ਅਚਾਨਕ ਬਹੁਤ ਜ਼ਿਆਦਾ ਪਾਣੀ ਛੱਡ ਦਿੱਤਾ ਹੈ। ਭਾਰਤ ਨੇ ਰਾਵੀ ’ਤੇ ਥੀਨ ਡੈਮ ਦੇ ਸਾਰੇ ਫਲੱਡ ਗੇਟ ਖੋਲ੍ਹ ਦਿੱਤੇ ਹਨ, ਜਿਸ ਕਾਰਨ ਪਾਕਿਸਤਾਨ ਦੇ ਪੰਜਾਬ ਵਿਚ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਪੰਜਾਬ ਪ੍ਰਸ਼ਾਸਨ ਨੂੰ ਅੱਠ ਜ਼ਿਲ੍ਹਿਆਂ ਲਾਹੌਰ, ਓਕਾੜਾ, ਫੈਸਲਾਬਾਦ, ਸਿਆਲਕੋਟ, ਨਾਰੋਵਾਲ, ਕਸੂਰ, ਸਰਗੋਧਾ ਅਤੇ ਹਾਫਿਜ਼ਾਬਾਦ ਵਿੱਚ ਪਾਕਿਸਤਾਨੀ ਫੌਜ ਬੁਲਾਉਣ ਲਈ ਮਜਬੂਰ ਹੋਣਾ ਪਿਆ ਹੈ।