DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Flights resume at London Heathrow: ਦਿਨ ਭਰ ਬੰਦ ਰਹਿਣ ਪਿੱਛੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ

Flights resume at London Heathrow after daylong closure sparked travel chaos around world
  • fb
  • twitter
  • whatsapp
  • whatsapp
Advertisement

ਲੰਡਨ, 22 ਮਾਰਚ

ਲੰਡਨ ਦੇ ਹੀਥਰੋ ਹਵਾਈ ਅੱਡੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇੱਕ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਲਗਭਗ ਦਿਨ ਭਰ ਲਈ ਇਥੋਂ ਉਡਾਣਾਂ ਬੰਦ ਰਹੀਆਂ।

Advertisement

ਉਂਝ ਏਅਰਲਾਈਨਾਂ ਨੇ ਚੇਤਾਵਨੀ ਦਿੱਤੀ ਕਿ ਗੰਭੀਰ ਵਿਘਨ ਕਈ ਦਿਨਾਂ ਤੱਕ ਰਹੇਗਾ ਕਿਉਂਕਿ ਉਹ ਜਹਾਜ਼ਾਂ ਤੇ ਚਾਲਕ ਅਮਲੇ ਨੂੰ ਤਬਦੀਲ ਕਰਨ ਅਤੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਾਉਣ ਲਈ ਜੱਦੋਜਹਿਦ ਕਰ ਰਹੇ ਹਨ।

ਪ੍ਰੇਸ਼ਾਨ ਯਾਤਰੀਆਂ, ਖਿੱਝੀਆਂ ਹੋਈਆਂ ਏਅਰਲਾਈਨਾਂ ਅਤੇ ਚਿੰਤਤ ਸਿਆਸਤਦਾਨਾਂ ਨੇ ਇਸ ਬਾਰੇ ਜਵਾਬ ਜਾਨਣਾ ਚਾਹਿਆ ਹੈ ਕਿ ਇਹ ਅੱਗ ਲੱਗਣ ਦੀ ਘਟਨਾ, ਜੋ ਇਕ ਹਾਦਸਾ ਜਾਪਦੀ ਹੈ, ਕਿਵੇਂ ਯੂਰਪ ਦੇ ਸਭ ਤੋਂ ਵੱਧ ਮਸਰੂਫ਼ ਹਵਾਈ ਅੱਡੇ ਨੂੰ ਬੰਦ ਕਰ ਸਕਦੀ ਹੈ।

ਹੀਥਰੋ ਨੇ ਇੱਕ ਬਿਆਨ ਵਿੱਚ ਕਿਹਾ, ‘‘ਸਾਡੇ ਟਰਮੀਨਲਾਂ ਵਿੱਚ ਸੈਂਕੜੇ ਵਾਧੂ ਮੁਲਾਜ਼ਮ ਤੇ ਅਧਿਕਾਰੀ ਮੌਜੂਦ ਹਨ ਅਤੇ ਅਸੀਂ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ 10,000 ਵਾਧੂ ਯਾਤਰੀਆਂ ਦੀ ਸਹੂਲਤ ਲਈ ਅੱਜ ਦੇ ਸ਼ਡਿਊਲ ਵਿੱਚ ਉਡਾਣਾਂ ਸ਼ਾਮਲ ਕੀਤੀਆਂ ਹਨ।’’

ਅੱਜ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਆਪਣੀ ਉਡਾਣ ਸਬੰਧੀ ਨਵੀਨਤਮ ਜਾਣਕਾਰੀ ਲਈ ਆਪਣੀ ਏਅਰਲਾਈਨ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹੀਥਰੋ ਦੀ ਸਭ ਤੋਂ ਵੱਡੀ ਏਅਰਲਾਈਨ, ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਕਿ ਉਹ ਸ਼ਨਿੱਚਰਵਾਰ ਨੂੰ ਹਵਾਈ ਅੱਡੇ 'ਤੇ ਆਪਣੀਆਂ ਨਿਰਧਾਰਤ ਉਡਾਣਾਂ ਦਾ ਲਗਭਗ 85 ਪ੍ਰਤੀਸ਼ਤ ਚਲਾਉਣ ਦੀ ਉਮੀਦ ਕਰਦੀ ਹੈ।

ਸ਼ੁੱਕਰਵਾਰ ਨੂੰ ਹਵਾਈ ਅੱਡੇ ਤੋਂ 2 ਮੀਲ (3.2 ਕਿਲੋਮੀਟਰ) ਦੂਰ ਇੱਕ ਸਬਸਟੇਸ਼ਨ 'ਤੇ ਰਾਤ ਭਰ ਲੱਗੀ ਅੱਗ ਤੋਂ ਬਾਅਦ 1,300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਲਗਭਗ 200,000 ਲੋਕ ਫਸ ਗਏ। ਹੀਥਰੋ ਅਤੇ 60,000 ਤੋਂ ਵੱਧ ਜਾਇਦਾਦਾਂ ਦੀ ਬਿਜਲੀ ਬੰਦ ਹੋ ਗਈ। ਸੱਤ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਪਰ ਹਵਾਈ ਅੱਡਾ ਲਗਭਗ 18 ਘੰਟਿਆਂ ਲਈ ਬੰਦ ਰਿਹਾ। ਸ਼ੁੱਕਰਵਾਰ ਦੇਰ ਰਾਤ ਕੁਝ ਉਡਾਣਾਂ ਭਰੀਆਂ ਅਤੇ ਉਤਰੀਆਂ ਗਈਆਂ।

ਪੁਲਿਸ ਨੇ ਕਿਹਾ ਕਿ ਉਹ ਅੱਗ ਨੂੰ ਸ਼ੱਕੀ ਨਹੀਂ ਮੰਨਦੇ ਅਤੇ ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਇਸਦੀ ਜਾਂਚ ਸਬਸਟੇਸ਼ਨ 'ਤੇ ਬਿਜਲੀ ਵੰਡ ਉਪਕਰਣਾਂ 'ਤੇ ਕੇਂਦ੍ਰਿਤ ਹੋਵੇਗੀ।

ਹੀਥਰੋ ਅੰਤਰਰਾਸ਼ਟਰੀ ਯਾਤਰਾ ਲਈ ਦੁਨੀਆ ਦੇ ਸਭ ਤੋਂ ਮਸਰੂਫ਼ ਹਵਾਈ ਅੱਡਿਆਂ ਵਿੱਚੋਂ ਇੱਕ ਹੈ ਅਤੇ ਪਿਛਲੇ ਸਾਲ ਇਥੇ 8.39 ਕਰੋੜ ਯਾਤਰੀ ਆਏ ਸਨ। -ਏਪੀ

Advertisement
×