ਤਲ ਅਵੀਵ, 8 ਜੁਲਾਈ
ਇਜ਼ਰਾਇਲੀ ਫ਼ੌਜ ਨੇ ਅੱਜ ਕਿਹਾ ਕਿ ਉੱਤਰੀ ਗਾਜ਼ਾ ’ਚ ਗਸ਼ਤ ਦੌਰਾਨ ਧਮਾਕੇ ਕਾਰਨ ਉਸ ਦੇ ਪੰਜ ਫ਼ੌਜੀ ਮਾਰੇ ਗਏ ਤੇ ਕਈ ਗੰਭੀਰ ਜ਼ਖ਼ਮੀ ਹੋਏ ਹਨ। ਇਸੇ ਦਰਮਿਆਨ ਗਾਜ਼ਾ ’ਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਦੋ ਵੱਖ ਵੱਖ ਥਾਵਾਂ ’ਤੇ ਕੀਤੇ ਗਏ ਹਮਲਿਆਂ ’ਚ 18 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਹ ਘਟਨਾਵਾਂ ਅਜਿਹੇ ਸਮੇਂ ਵਾਪਰੀਆਂ ਹਨ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ’ਚ ਲੜਾਈ ਰੋਕਣ ਲਈ ਜੰਗਬੰਦੀ ਯੋਜਨਾ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਲਈ ਵ੍ਹਾਈਟ ਹਾਊਸ ਗਏ ਹੋਏ ਹਨ। ਸੈਨਿਕਾਂ ਦੀਆਂ ਹੱਤਿਆਵਾਂ ਨਾਲ ਨੇਤਨਯਾਹੂ ’ਤੇ ਸਮਝੌਤਾ ਕਰਨ ਦਾ ਦਬਾਅ ਵਧ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਲੋਕ ਜੰਗ ਖਤਮ ਕਰਨ ਦੀ ਹਮਾਇਤ ਕਰ ਰਹੇ ਹਨ।
ਇਜ਼ਰਾਇਲ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਗਾਜ਼ਾ ਦੇ ਬੇਤ ਹਨੌਨ ਖੇਤਰ ’ਚ ਇੱਕ ਮੁਹਿੰਮ ਦੌਰਾਨ ਸੈਨਿਕਾਂ ਖ਼ਿਲਾਫ਼ ਧਮਾਕੇ ਕੀਤੇ ਗਏ। ਇਸ ਮਗਰੋਂ ਅਤਿਵਾਦੀਆਂ ਨੇ ਜ਼ਖ਼ਮੀ ਸੈਨਿਕਾਂ ਨੂੰ ਕੱਢਣ ਆਏ ਬਲਾਂ ’ਤੇ ਗੋਲੀਬਾਰੀ ਵੀ ਕੀਤੀ। ਸੈਨਾ ਨੇ ਕਿਹਾ ਕਿ ਹਮਲੇ ’ਚ ਪੰਜ ਸੈਨਿਕ ਮਾਰੇ ਗਏ ਤੇ 14 ਸੈਨਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ। ਇਸ ਨਾਲ 2023 ’ਚ ਹਮਾਸ ਖ਼ਿਲਾਫ਼ ਜੰਗ ਸ਼ੁਰੂ ਹੋਣ ਮਗਰੋਂ ਮਾਰੇ ਗਏ ਸੈਨਿਕਾਂ ਦੀ ਗਿਣਤੀ ਵਧ ਕੇ 888 ਹੋ ਗਈ ਹੈ। ਨੇਤਨਯਾਹੂ ਨੇ ਬਿਆਨ ’ਚ ਸੈਨਿਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੈਨਿਕ ‘ਹਮਾਸ ਨੂੰ ਹਰਾਉਣ ਤੇ ਸਾਡੇ ਸਾਰੇ ਬੰਦੀਆਂ ਨੂੰ ਆਜ਼ਾਦ ਕਰਾਉਣ ਦੀ ਮੁਹਿੰਮ ’ਚ ਮਾਰੇ ਗਏ ਹਨ।’ ਦੂਜੇ ਪਾਸੇ ਗਾਜ਼ਾ ਦੇ ਨਾਸੇਰ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਦੇ ਖਾਨ ਯੂਨਿਸ ’ਚ ਬੇਘਰੇ ਲੋਕਾਂ ਦੇ ਟੈਂਟ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। -ਏਪੀ