fire in Turkey hotel: ਉੱਤਰ-ਪੱਛਮੀ ਤੁਰਕੀ ਦੇ ਸਕੀ ਰਿਜ਼ੌਰਟ ’ਚ ਅੱਗ ਲੱਗੀ; 66 ਮੌਤਾਂ 51 ਜ਼ਖ਼ਮੀ
ਅੱਗ ਲੱਗਣ ਮੌਕੇ ਹੋਟਲ ਵਿਚ ਮੌਜੂਦ ਸਨ 234 ਮਹਿਮਾਨ
ਅੰਕਾਰਾ, 21 ਜਨਵਰੀ
ਉੱਤਰ-ਪੱਛਮੀ ਤੁਰਕੀ ਦੇ ਸਕੀ ਰਿਜ਼ੌਰਟ ਵਿਚ ਅੱਗ ਲੱਗਣ ਕਰਕੇ ਘੱਟੋ-ਘੱਟ 66 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 51 ਹੋਰਨਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਤੁਰਕੀ ਦੇ ਗ੍ਰਹਿ ਮੰਤਰੀ ਨੇ ਦਿੱਤੀ ਹੈ। ਉਨ੍ਹਾਂ ਇਸ ਘਟਨਾ ’ਤੇ ਅਫਸੋਸ ਜਤਾਇਆ ਹੈ। ਸਿਹਤ ਮੰਤਰੀ ਕੇਮਲ ਮੇਮੀਸੋਗਲੂ ਨੇ ਕਿਹਾ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਦੱਸਣਾ ਬਣਦਾ ਹੈ ਕਿ ਇਸ ਰਿਜ਼ੋਰਟ ਦੇ ਰੈਸਟੋਰੈਂਟ 'ਚ ਅੱਗ ਸਥਾਨਕ ਸਮੇਂ ਮੁਤਾਬਕ ਸਵੇਰੇ 3:30 ਵਜੇ ਲੱਗੀ। ਗਵਰਨਰ ਅਬਦੁਲ ਅਜ਼ੀਜ਼ ਆਦਿਨ ਨੇ ਸਰਕਾਰੀ ਖ਼ਬਰ ਏਜੰਸੀ ਨੂੰ ਦੱਸਿਆ ਕਿ ਦੋ ਵਿਅਕਤੀਆਂ ਨੇ ਸਹਿਮ ਕੇ ਇਮਾਰਤ ’ਚੋਂ ਬਾਹਰ ਛਾਲ ਮਾਰ ਦਿੱਤੀ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਅੱਗ ਲੱਗਣ ਮੌਕੇ ਹੋਟਲ ਵਿਚ 234 ਮਹਿਮਾਨ ਮੌਜੂਦ ਸਨ। ਟੈਲੀਵਿਜ਼ਨ ’ਤੇ ਪ੍ਰਸਾਰਤ ਤਸਵੀਰਾਂ ਵਿਚ ਹੋਟਲ ਦੀ ਛੱਤ ਤੇ ਸਿਖਰਲੀ ਮੰਜ਼ਿਲਾਂ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ। ਉਂਝ ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ। ਮੰਤਰੀ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਤੇ 28 ਐਂਬੂਲੈਂਸਾਂ ਭੇਜੀਆਂ ਗਈਆਂ ਹਨ। -ਏਪੀ

