ਐਡੀਲੇਡ ਦੇ ਦੱਖਣੀ ਇਲਾਕੇ ਦੇ ਪਲਿੰਪਟਨ ਵਿੱਚ ਭਾਰਤੀ ਰੈਸਟੋਰੈਂਟ ’ਚ ਅੱਗ ਲੱਗਣ ਕਾਰਨ ਸਾਮਾਨ ਤੇ ਇਮਾਰਤ ਸੜ ਗਈ। ਸਾਊਥ ਪਲਿੰਪਟਨ ਦੇ ਮੈਰੀਅਨ ਰੋਡ ’ਤੇ ਸਥਿਤ ਭਾਰਤੀ ਰੈਸਟੋਰੈਂਟ ‘ਡਾਇਲ-ਏ-ਕਰੀ’ ਬੀਤੀ ਰਾਤ ਭਿਆਨਕ ਅੱਗ ਦੀ ਲਪੇਟ ’ਚ ਆ ਗਿਆ। ਅੱਗ ਲੱਗਣ ਕਾਰਨ ਰੈਸਟੋਰੈਂਟ ਦਾ ਸਮਾਨ ਸੜ ਗਿਆ ਤੇ ਇਮਾਰਤ ਦਾ ਭਾਰੀ ਨੁਕਸਾਨ ਹੋਇਆ ਹੈ। ਤੜਕੇ ਲਗਪਗ 4.30 ਵਜੇ ਰੈਸਕਿਊ ਟੀਮ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਫਾਇਰਫਾਈਟਰ ਫਿਲ ਰੌਸ ਅਨੁਸਾਰ ਛੱਤ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਅੱਗ ਲੱਗਣ ਨਾਲ ਇਮਾਰਤ ਦੀ ਛੱਤ ਦੀ ਡਿੱਗਣ ਕਾਰਨ ਬਚਾਅ ਕਾਰਜਾਂ ’ਚ ਮੁਸ਼ਕਲ ਪੇਸ਼ ਆਈ।
ਰੈਸਟੋਰੈਂਟ ਦੇ ਮਾਲਕ ਮੋਹਿਤ ਗੁਪਤਾ ਨੇ ਦੱਸਿਆ ਕਿ ਉਸ ਨੂੰ ਘਟਨਾ ’ਤੇ ਯਕੀਨ ਨਹੀਂ ਹੋ ਰਿਹਾ। ਪੁਲੀਸ ਨੇ ਉਸ ਨੂੰ ਕਰੀਬ 5 ਵਜੇ ਕਾਲ ਕਰਕੇ ਦੱਸਿਆ ਕਿ ਰੈਸਟੋਰੈਂਟ ਵਿੱਚ ਅੱਗ ਲੱਗ ਗਈ ਹੈ। ਅੱਗ ਲੱਗਣ ਤੋਂ ਪਹਿਲਾਂ ਰੈਸਟੋਰੈਂਟ ’ਚ ਲੱਗੇ ਕੈਮਰਿਆਂ ਨਾਲ ਛੇੜਛਾੜ ਕੀਤੇ ਜਾਣ ਤੇ ਸੀਸੀਟੀਵੀ ਫੁਟੇਜ ’ਚ ਨਕਾਬਧਾਰੀ ਦੋ ਨੌਜਵਾਨਾਂ ਦੇ ਦੌੜਦੇ ਹੋਏ ਦਿਖਾਈ ਦੇਣ ਕਾਰਨ ਅੱਗ ਲੱਗਣ ਦੀ ਘਟਨਾ ਇੱਕ ਸ਼ੱਕੀ ਹਮਲਾ ਲੱਗ ਰਹੀ ਹੈ। ਸਾਊਥ ਆਸਟਰੇਲੀਆ ਪੁਲੀਸ ਸ਼ੱਕੀ ਨੌਜਵਾਨਾਂ ਦੀ ਭਾਲ ਕਰ ਰਹੀ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।