ਐੱਫ ਆਈ ਪੀ ਨੇ ਏਅਰ ਇੰਡੀਆ ਜਹਾਜ਼ ਹਾਦਸੇ ਦੀ ਨਿਆਂਇਕ ਜਾਂਚ ਮੰਗੀ
ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖਿਆ; ਮੌਜੂਦਾ ਜਾਂਚ ਨੂੰ ਪ੍ਰਭਾਵਿਤ ਕੀਤੇ ਜਾਣ ਦੇ ਦੋਸ਼
ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ (ਐੱਫ ਆਈ ਪੀ) ਨੇ ਸਰਕਾਰ ਨੂੰ ਏਅਰ ਇੰਡੀਆ ਡਰੀਮਲਾਈਨਰ ਹਾਦਸੇ ਦੀ ਨਿਆਂਇਕ ਜਾਂਚ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ, ਜਿਸ ਵਿੱਚ 260 ਵਿਅਕਤੀ ਮਾਰੇ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਜਾਂਚ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਅਤੇ ਇਸ ਨੂੰ ਰੋਕ ਦੇਣਾ ਚਾਹੀਦਾ ਹੈ। ਐੱਫ ਆਈ ਪੀ ਦੀ ਇਹ ਮੰਗ, ਏਅਰ ਇੰਡੀਆ ਜਹਾਜ਼ ਦੇ ਪਾਇਲਟਾਂ ਵਿੱਚੋਂ ਇਕ ਕੈਪਟਨ ਸੁਮਿਤ ਸਭਰਵਾਲ ਦੇ ਪਿਤਾ ਪੁਸ਼ਕਰਾਜ ਸਭਰਵਾਲ ਵੱਲੋਂ ਕੇਂਦਰ ਸਰਕਾਰ ਕੋਲੋਂ ਰਸਮੀ ਜਾਂਚ ਦੀ ਮੰਗ ਕੀਤੇ ਜਾਣ ਤੋਂ ਬਾਅਦ ਆਈ ਹੈ। ਜਹਾਜ਼ ਹਾਦਸਾ ਜਾਂਚ ਬਿਊਰੋ (ਏ ਏ ਆਈ ਬੀ) ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਗਪਗ 5500 ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਐੱਫ ਆਈ ਪੀ ਨੇ 22 ਸਤੰਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਇਕ ਦੋਸ਼ਪੂਰਨ ਘਰੇਲੂ ਜਾਂਚ ਆਲਮੀ ਹਵਾਬਾਜ਼ੀ ਭਾਈਚਾਰੇ ਵਿੱਚ ਭਾਰਤ ਦੇ ਵੱਕਾਰ ਲਈ ਖ਼ਤਰਾ ਪੈਦਾ ਕਰਦੀ ਹੈ। ਇਸ ਵਾਸਤੇ ਨਿਆਂਇਕ ਜਾਂਚ ਨਾ ਸਿਰਫ਼ ਨਿਆਂ ਦਾ ਮਾਮਲਾ ਹੈ, ਬਲਕਿ ਮੰਤਰਾਲੇ ਲਈ ਇਨ੍ਹਾਂ ਗੰਭੀਰ ਪ੍ਰਕਿਰਿਆਤਮਕ ਖਾਮੀਆਂ ਨੂੰ ਦੂਰ ਕਰਨ ਅਤੇ ਆਪਣੇ ਕਾਨੂੰਨੀ ਤੇ ਵੱਕਾਰ ਸਬੰਧੀ ਖ਼ਤਰੇ ਨੂੰ ਘੱਟ ਕਰਨ ਲਈ ਜ਼ਰੂਰੀ ਤੰਤਰ ਵੀ ਹੈ।’’
ਪੱਤਰ ਵਿੱਚ ਕਿਹਾ ਗਿਆ ਹੈ ਕਿ ਏ ਏ ਆਈ ਬੀ ਦੀ ਨਿੱਜੀ, ਪ੍ਰਸ਼ਾਸਨਿਕ ਪ੍ਰਕਿਰਿਆ ਦੇ ਉਲਟ, ਅਦਾਲਤ ਸਹੁੰ ਤਹਿਤ ਗਵਾਹੀ ਦੇਣ ਲਈ ਪਾਬੰਦ ਕਰ ਸਕਦੀ ਹੈ, ਸੰਮਨ ਜਾਰੀ ਕਰ ਸਕਦੀ ਹੈ ਅਤੇ ਬੋਇੰਗ ਤੇ ਜਨਰਲ ਇਲੈਕਟ੍ਰਿਕ ਵਰਗੇ ਕੌਮਾਂਤਰੀ ਨਿਰਮਾਤਾਵਾਂ ਸਣੇ ਕਿਸੇ ਵੀ ਧਿਰ ਕੋਲੋਂ ਸਾਰੇ ਦਸਤਾਵੇਜ਼ ਪੇਸ਼ ਕਰਨ ਦੀ ਮੰਗ ਕਰ ਸਕਦੀ ਹੈ। ਪੱਤਰ ’ਤੇ ਟਿੱਪਣੀ ਮੰਗਣ ਲਈ ਮੰਤਰਾਲੇ ਨੂੰ ਭੇਜੇ ਗਏ ਸਵਾਲ ਦਾ ਤੁਰੰਤ ਕੋਈ ਜਵਾਬ ਨਹੀਂ ਮਿਲਿਆ।