ਪਾਣੀਆਂ ਬਾਰੇ ਤਜਵੀਜ਼ਤ ਸਖ਼ਤ ਨਵੇਂ ਕਾਨੂੰਨ ਦੇ ਵਿਰੋਧ ’ਚ ਦਰਜਨਾਂ ਕਿਸਾਨਾਂ ਨੇ ਇਥੇ ਟਰੈਕਟਰ ਮਾਰਚ ਕਰਦਿਆਂ ਮੈਕਸਿਕੋ ਦੀ ਸੰਸਦ ਦਾ ਰਾਹ ਬੰਦ ਕਰ ਦਿੱਤਾ। ਕਿਸਾਨ ਮੱਕੀ ਅਤੇ ਕਣਕ ਦਾ ਭਾਅ ਵਧਾਉਣ ਦੀ ਵੀ ਮੰਗ ਕਰ ਰਹੇ ਹਨ।
ਕਿਸਾਨ ਜਨਰਲ ਜਲ ਕਾਨੂੰਨ ਦੀ ਤਜਵੀਜ਼ ਦੇ ਵਿਰੋਧ ’ਚ ਬੁੱਧਵਾਰ ਨੂੰ ਕਾਂਗਰਸ ਚੈਂਬਰ ਦੇ ਬਾਹਰ ਇਕੱਠੇ ਹੋਏ। ਕਿਸਾਨਾਂ ਨੇ ਕਿਹਾ ਕਿ ਨਵਾਂ ਕਾਨੂੰਨ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਖਤਰਾ ਹੈ ਅਤੇ ਪਾਣੀ ਦੇ ਬੁਨਿਆਦੀ ਹੱਕ ’ਤੇ ਡਾਕਾ ਹੈ। ਦੋ ਟਰੈਕਟਰਾਂ ਨਾਲ ਬੰਨ੍ਹੇ ਬੈਨਰ ’ਤੇ ਲਿਖਿਆ ਸੀ, ‘‘ਜੇ ਕਾਨੂੰਨ ਨਾਲ ਪਿੰਡ ਪ੍ਰਭਾਵਿਤ ਹੋਏ ਤਾਂ ਸ਼ਹਿਰਾਂ ਨੂੰ ਵੀ ਸੇਕ ਲੱਗੇਗਾ।’’ ਚਿਨਹੁਆਹੁਆ ਦੇ ਕਿਸਾਨ ਜੋਰਗ ਰੋਬਲਸ ਨੇ ਕਿਹਾ, ‘‘ਪਾਣੀਆਂ ਬਾਰੇ ਨਵੇਂ ਕਾਨੂੰਨ ਨਾਲ ਸਾਡੀਆਂ ਜ਼ਮੀਨਾਂ ਦੀ ਮਾਲਕੀ ਖ਼ਤਰੇ ’ਚ ਪੈ ਜਾਵੇਗੀ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ।’’ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ ਦੀ ਹਮਾਇਤ ਵਾਲੀ ਇਸ ਤਜਵੀਜ਼ ’ਤੇ ਚੈਂਬਰ ਆਫ ਡਿਪਟੀਜ਼ ’ਚ ਵਿਚਾਰ ਵਟਾਂਦਰਾ ਹੋਇਆ ਜਿਥੇ ਰਾਸ਼ਟਰਪਤੀ ਦੀ ਮੋਰੇਨਾ ਪਾਰਟੀ ਨੂੰ ਬਹੁਮਤ ਹਾਸਲ ਹੈ।
ਨਵੇਂ ਬਿੱਲ ’ਚ ਪਾਣੀਆਂ ਨਾਲ ਸਬੰਧਤ ਅਪਰਾਧਾਂ ਲਈ ਸਖ਼ਤ ਜੁਰਮਾਨੇ ਥੋਪਣ ਅਤੇ ਪਾਣੀ ਰਿਆਇਤਾਂ ਨੂੰ ਨਿਯਮਤ ਕਰਨ ਦਾ ਪ੍ਰਬੰਧ ਹੈ। ਹਫ਼ਤਾ ਪਹਿਲਾਂ ਕਿਸਾਨਾਂ ਨੇ ਟਰੱਕ ਡਰਾਈਵਰਾਂ ਨਾਲ ਮਿਲ ਕੇ 32 ਸੂਬਿਆਂ ’ਚੋਂ ਸੱਤ ’ਚ ਹਾਈਵੇਅ ਅਤੇ ਸੜਕਾਂ ਠੱਪ ਕਰ ਦਿੱਤੀਆਂ ਸਨ। ਉਸ ਸਮੇਂ ਫੈਡਰਲ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਦਾ ਭਰੋਸਾ ਦੇਣ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ ਸੀ।

