ਦੱਖਣੀ ਜਪਾਨ ਵਿਚ ਅਮਰੀਕੀ ਏਅਰ ਬੇਸ ’ਤੇ ਧਮਾਕਾ, ਚਾਰ ਜਪਾਨੀ ਫੌਜੀ ਜ਼ਖ਼ਮੀ
Explosion at US air base in southern Japan injures 4 Japanese soldiers
ਟੋਕੀਓ, 9 ਜੂਨ
ਦੱਖਣੀ ਜਪਾਨ ਵਿਚ ਓਕੀਨਾਵਾ ਟਾਪੂ ’ਤੇ ਅਮਰੀਕੀ ਫੌਜੀ ਬੇਸ ਉੱਤੇ ਹੋਏ ਧਮਾਕੇ ਵਿਚ ਚਾਰ ਜਪਾਨੀ ਫੌਜੀ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਹਨ।
ਸੈਲਫ ਡਿਫੈਂਸ ਫੋਰਸ (SDF) ਜੁਆਇੰਟ ਸਟਾਫ ਨੇ ਕਿਹਾ ਕਿ ਕਾਡੇਨਾ ਏਅਰਬੇਸ ’ਤੇ ਧਮਾਕੇ ਦੀ ਰਿਪੋਰਟ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਹਥਿਆਰ ਪ੍ਰਬੰਧਨ ਵਿੱਚ ਮਾਹਰ ਜਾਪਾਨੀ ਫੌਜ ਦੇ ਕਰਮਚਾਰੀਆਂ ਦੀ ਇੱਕ ਟੀਮ ਏਅਰਬੇਸ ਨੇੜੇ ਜਾਂ ਇਸ ’ਤੇ ਕੰਮ ਕਰ ਰਹੀ ਸੀ।
SDF ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਸੈਨਿਕਾਂ ਦੀਆਂ ਉਂਗਲਾਂ ’ਤੇ ਸੱਟਾਂ ਲੱਗੀਆਂ ਸਨ ਜਦੋਂ ਉਹ ਓਕੀਨਾਵਾ ਪ੍ਰੀਫੈਕਚਰ ਨਾਲ ਸਬੰਧਤ ਇੱਕ ਸਹੂਲਤ ’ਤੇ ਕੰਮ ਕਰ ਰਹੇ ਸਨ। ਇਥੇ ਟਾਪੂ ’ਤੇ ਮਿਲੇ ਅਣਚੱਲੇ ਹਥਿਆਰਾਂ ਨੂੰ ਸਟੋਰ ਕੀਤਾ ਜਾਂਦਾ ਹੈ।
ਦੂਜੀ ਆਲਮੀ ਜੰਗ ਦੀਆਂ ਸਭ ਤੋਂ ਭਿਆਨਕ ਲੜਾਈਆਂ ਵਿੱਚੋਂ ਇੱਕ ਇਥੇ ਲੜੀ ਗਈ ਸੀ। ਪ੍ਰੀਫੈਕਚਰਲ ਅਧਿਕਾਰੀਆਂ ਨੇ ਕਿਹਾ ਕਿ ਸੱਟਾਂ ਜਾਨਲੇਵਾ ਨਹੀਂ ਸਨ, ਪਰ ਹੋਰ ਤਫ਼ਸੀਲ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। -ਏਪੀ