ਟਰੰਪ ਤੇ ਜ਼ੇਲੈਂਸਕੀ ਦੀ ਮੀਟਿੰਗ ’ਚ ਸ਼ਾਮਲ ਹੋਣਗੇ ਯੂਰੋਪੀ ਯੂਨੀਅਨ ਦੇ ਆਗੂ
ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਅੱਜ ਕਿਹਾ ਕਿ ਯੂਰੋਪੀ ਅਤੇ ਨਾਟੋ ਆਗੂ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਣ ਵਾਲੀ ਅਹਿਮ ਮੀਟਿੰਗ ’ਚ ਸ਼ਾਮਲ ਹੋਣਗੇ। ਸੋਮਵਾਰ ਨੂੰ ਵ੍ਹਾਈਟ ਹਾਊਸ ’ਚ ਹੋਣ ਵਾਲੀ ਮੀਟਿੰਗ ਸਬੰਧੀ ਇਹ ਕਦਮ ਫਰਵਰੀ ’ਚ ਟਰੰਪ ਨਾਲ ਮੁਲਾਕਾਤ ਦੌਰਾਨ ਜ਼ੇਲੈਂਸਕੀ ਨਾਲ ਹੋਈ ਤਿੱਖੀ ਬਹਿਸ ਮੁੜ ਹੋਣ ਤੋਂ ਰੋਕਣ ਲਈ ਇੱਕ ਸਪੱਸ਼ਟ ਕੋਸ਼ਿਸ਼ ਹੈ। ਜ਼ੇਲੈਂਸਕੀ ਦੇ ਪੱਖ ’ਚ ਯੂਰੋਪੀ ਆਗੂਆਂ ਦੀ ਮੌਜੂਦਗੀ ਯੂਕਰੇਨ ਲਈ ਯੂਰੋਪ ਦੀ ਹਮਾਇਤ ਨੂੰ ਦਰਸਾਉਂਦੀ ਹੈ।
ਯੂਰੋਪੀ ਸੰਘ ਦੀ ਕਾਰਜਕਾਰੀ ਸ਼ਾਖਾ ਦੀ ਮੁਖੀ ਵੋਨ ਡੇਰ ਲੇਯੇਨ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਰਾਸ਼ਟਰਪਤੀ ਜ਼ੇਲੈਂਸਕੀ ਦੀ ਅਪੀਲ ’ਤੇ ਮੈਂ ਭਲਕੇ ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਟਰੰਪ ਤੇ ਹੋਰ ਯੂਰੋਪੀ ਆਗੂਆਂ ਨਾਲ ਮੀਟਿੰਗ ’ਚ ਸ਼ਾਮਲ ਹੋਵਾਂਗੀ।’’ ਯੂਰੋਪ ਦੇ ਕਈ ਹੋਰ ਆਗੂਆਂ ਨੇ ਵੀ ਮੀਟਿੰਗ ’ਚ ਜਾਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਅਤੇ ਨਾਟੋ ਸੈਨਿਕ ਗੱਠਜੋੜ ਦੇ ਸਕੱਤਰ ਜਨਰਲ ਮਾਰਕ ਰੱਟ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵੀ ਸ਼ਾਮਲ ਹਨ।