DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਅਮਰੀਕਾ ’ਚ ਡੂੰਘਾ ਹੋਇਆ ਆਰਥਿਕ ਸੰਕਟ

ਆਰਥਿਕ ਤਾਲਾਬੰਦੀ ਵਾਲੇ ਹਾਲਾਤ; 7,50,000 ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ’ਤੇ ਭੇਜਣ ਦੀ ਤਿਆਰੀ; ਕਈ ਸਰਕਾਰੀ ਦਫ਼ਤਰ ਹੋ ਸਕਦੇ ਹਨ ਬੰਦ

  • fb
  • twitter
  • whatsapp
  • whatsapp
featured-img featured-img
ਵਾਿਸ਼ੰਗਟਨ ’ਚ ਅੰਸ਼ਕ ਤਾਲਾਬੰਦੀ ਦੇ ਪਹਿਲੇ ਦਿਨ ਕਾਂਗਰਸ ਦੀ ਲਾਇਬ੍ਰੇਰੀ ਦੇ ਬਾਹਰ ਲੱਗਿਆ ਨੋਟਿਸ। -ਫੋਟੋ: ਰਾਇਟਰਜ਼
Advertisement

ਸੈਨੇਟ ਵਿੱਚ ਆਰਜ਼ੀ ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਅਮਰੀਕਾ ਵਿੱਚ ਆਰਥਿਕ ਸੰਕਟ ਡੂੰਘਾ ਹੋ ਗਿਆ ਹੈ। ਦੇਸ਼ ਵਿੱਚ ਆਰਥਿਕ ਤਾਲਾਬੰਦੀ (ਸ਼ਟਡਾਊਨ) ਵਾਲੇ ਹਾਲਾਤ ਬਣ ਗਏ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਰਟੀ ਨੂੰ ਸੈਨੇਟ ਵਿੱਚ ਆਰਜ਼ੀ ਫੰਡਿੰਗ ਬਿੱਲ ਪਾਸ ਕਰਵਾਉਣ ਲਈ ਘੱਟੋ-ਘੱਟ 60 ਵੋਟਾਂ ਦੀ ਲੋੜ ਸੀ ਪਰ ਉਸ ਨੂੰ ਸਿਰਫ਼ 55 ਵੋਟਾਂ ਹੀ ਮਿਲੀਆਂ। ਇਸ ਦਾ ਮਤਲਬ ਹੈ ਕਿ ਇਹ ਮਤਾ ਫੇਲ੍ਹ ਹੋ ਗਿਆ। ਹੁਣ ਸਰਕਾਰ ਕੋਲ ਕੰਮ ਚਲਾਉਣ ਲਈ ਫੰਡ ਨਹੀਂ ਹਨ, ਜਿਸ ਕਾਰਨ ਕਈ ਸੰਘੀ ਕੰਮਕਾਜ ਰੁਕ ਸਕਦੇ ਹਨ। ਇਸ ਤਰ੍ਹਾਂ ਅਮਰੀਕਾ ਇੱਕ ਵਾਰ ਫਿਰ ਬੇਯਕੀਨੀ ਦੇ ਦੌਰ ਵਿੱਚ ਦਾਖਲ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸਮਾਂ-ਸੀਮਾ ਤੱਕ ਸਰਕਾਰੀ ਪ੍ਰੋਗਰਾਮ ਅਤੇ ਸੇਵਾਵਾਂ ਜਾਰੀ ਰੱਖਣ ਲਈ ਕਿਸੇ ਸਮਝੌਤੇ ’ਤੇ ਪਹੁੰਚਣ ਵਿੱਚ ਅਸਫਲ ਰਹੇ। ਇਸ ਦੇ ਨਤੀਜੇ ਵਜੋਂ ਤਕਰੀਬਨ 7,50,000 ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ (ਫਰਲੋ) ’ਤੇ ਭੇਜਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਵੀ ਸਕਦਾ ਹੈ। ਕਈ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਟਰੰਪ ਨੇ ਬਦਲੇ ਵਜੋਂ ‘ਅਜਿਹੇ ਕੰਮ ਕਰਨ ਦੀ ਧਮਕੀ ਦਿੱਤੀ ਹੈ ਜੋ ਮਾੜੇ ਹੋਣਗੇ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ।’ ਇਸ ਦੌਰਾਨ ਟਰੰਪ ਦਾ ਦੇਸ਼ ਨਿਕਾਲੇ ਦਾ ਏਜੰਡਾ ਪੂਰੀ ਰਫ਼ਤਾਰ ਨਾਲ ਚੱਲਦਾ ਰਹੇਗਾ, ਜਦਕਿ ਸਿੱਖਿਆ, ਵਾਤਾਵਰਨ ਅਤੇ ਹੋਰ ਜ਼ਰੂਰੀ ਸੇਵਾਵਾਂ ਠੱਪ ਹੋ ਜਾਣਗੀਆਂ। ਇਸ ਦੇ ਮਾੜੇ ਆਰਥਿਕ ਨਤੀਜੇ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਣਗੇ।

Advertisement

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ, ‘ਅਸੀਂ ਸ਼ਟਡਾਊਨ ਨਹੀਂ ਚਾਹੁੰਦੇ।’ ਪਰ ਉਹ ਡੈਮੋਕਰੈਟਸ ਅਤੇ ਰਿਪਬਲਿਕਨਾਂ ਵਿਚਾਲੇ ਕੋਈ ਸਮਝੌਤਾ ਨਹੀਂ ਕਰਵਾ ਸਕੇ। ਟਰੰਪ ਦੇ ਸ਼ਾਸਨਕਾਲ ਵਿੱਚ ਤੀਜੀ ਵਾਰ ਸੰਘੀ ਫੰਡਿੰਗ ਰੋਕੀ ਗਈ ਹੈ। ਇਸ ਝਗੜੇ ਦਾ ਮੁੱਖ ਕਾਰਨ ਇਹ ਹੈ ਕਿ ਡੈਮੋਕਰੈਟਿਕ ਪਾਰਟੀ ਦੇ ਵੋਟਰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਏਜੰਡੇ ਨੂੰ ਚੁਣੌਤੀ ਦੇਣ ਲਈ ਕਾਹਲੇ ਹਨ। ਡੈਮੋਕਰੈਟਸ ‘ਅਫੋਰਡੇਬਲ ਕੇਅਰ ਐਕਟ’ ਤਹਿਤ ਲੱਖਾਂ ਲੋਕਾਂ ਲਈ ਖਤਮ ਹੋ ਰਹੀਆਂ ਸਿਹਤ ਸੰਭਾਲ ਸਬਸਿਡੀਆਂ ਲਈ ਫੰਡਿੰਗ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਨੇ ਇਸ ਮੁੱਦੇ ’ਤੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਫਿਲਹਾਲ ਦੋਵਾਂ ਧਿਰਾਂ ਕੋਲ ਇਸ ਸ਼ਟਡਾਊਨ ਨੂੰ ਖਤਮ ਕਰਨ ਦਾ ਕੋਈ ਸਪੱਸ਼ਟ ਜਾਂ ਸੌਖਾ ਰਸਤਾ ਨਹੀਂ ਹੈ। ਇਸ ਦਾ ਅਸਰ ਸਿਰਫ਼ ਸਿਆਸਤ ’ਤੇ ਹੀ ਨਹੀਂ, ਸਗੋਂ ਉਨ੍ਹਾਂ ਆਮ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ’ਤੇ ਵੀ ਪਵੇਗਾ ਜੋ ਸਰਕਾਰੀ ਲਾਭਾਂ, ਤਨਖਾਹਾਂ ਅਤੇ ਹੋਰ ਸੇਵਾਵਾਂ ’ਤੇ ਨਿਰਭਰ ਕਰਦੇ ਹਨ।

Advertisement

ਇਸ ਦੌਰਾਨ ਮੈਡੀਕੇਅਰ ਅਤੇ ਮੈਡੀਕੇਡ ਸਿਹਤ ਪ੍ਰੋਗਰਾਮ ਜਾਰੀ ਰਹਿਣ ਦੀ ਉਮੀਦ ਹੈ ਪਰ ਸਟਾਫ਼ ਦੀ ਕਮੀ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਸਕਦੀ ਹੈ। ਰੱਖਿਆ ਵਿਭਾਗ (ਪੈਂਟਾਗਨ) ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਜ਼ਿਆਦਾਤਰ ਕਰਮਚਾਰੀ ਕੰਮ ਕਰਦੇ ਰਹਿਣਗੇ। ਰਾਸ਼ਟਰੀ ਪਾਰਕ ਤੇ ਅਜਾਇਬ ਘਰ ਕੁਝ ਦਿਨਾਂ ਲਈ ਖੁੱਲ੍ਹੇ ਰਹਿ ਸਕਦੇ ਹਨ, ਪਰ ਸਾਬਕਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਘੱਟ ਸਟਾਫ਼ ਨਾਲ ਪਾਰਕਾਂ ਨੂੰ ਖੁੱਲ੍ਹਾ ਰੱਖਣਾ ਜਨਤਾ ਲਈ ਖ਼ਤਰਨਾਕ ਹੋ ਸਕਦਾ ਹੈ।

ਦੋ ਦਹਾਕਿਆਂ ਵਿੱਚ ਅਮਰੀਕਾ ਦਾ ਪੰਜਵਾਂ ਵੱਡਾ ਸ਼ੱਟਡਾਊਨ

ਅਮਰੀਕੀ ਕਾਨੂੰਨ ਮੁਤਾਬਕ ਜਦੋਂ ਤੱਕ ਬਜਟ ਜਾਂ ਆਰਜ਼ੀ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ, ਉਦੋਂ ਤੱਕ ‘ਗੈਰ-ਜ਼ਰੂਰੀ’ ਸਰਕਾਰੀ ਵਿਭਾਗਾਂ ਅਤੇ ਸੇਵਾਵਾਂ ਨੂੰ ਬੰਦ ਕਰਨਾ ਪੈਂਦਾ ਹੈ। ਇਸੇ ਸਥਿਤੀ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਵਿੱਚ ਇਹ ਅਮਰੀਕਾ ਦਾ ਪੰਜਵਾਂ ਵੱਡਾ ਸ਼ੱਟਡਾਊਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਰਿਪਬਲਿਕਨਾਂ ਨੇ ਸਰਕਾਰ ਨੂੰ 21 ਨਵੰਬਰ ਤੱਕ ਚਲਦਾ ਰੱਖਣ ਲਈ ਇੱਕ ਥੋੜ੍ਹੇ ਸਮੇਂ ਦਾ ਫੰਡਿੰਗ ਬਿੱਲ ਪੇਸ਼ ਕੀਤਾ ਸੀ। ਹਾਲਾਂਕਿ ਡੈਮੋਕਰੈਟਸ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਹੀਂ ਹੈ। ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਰਮੀਆਂ ਦੇ ਮੈਗਾ-ਬਿੱਲ ’ਚੋਂ ਮੈਡੀਕੇਡ ਦੀਆਂ ਕਟੌਤੀਆਂ ਨੂੰ ਵਾਪਸ ਲਿਆ ਜਾਵੇ ਅਤੇ ਅਫੋਰਡੇਬਲ ਕੇਅਰ ਐਕਟ ਦੇ ਮੁੱਖ ਟੈਕਸ ਕਰੈਡਿਟ ਨੂੰ ਵਧਾਇਆ ਜਾਵੇ। ਰਿਪਬਲਿਕਨਾਂ ਨੇ ਇਨ੍ਹਾਂ ਮੰਗਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

Advertisement
×