ਭੂਚਾਲ: ਅਫ਼ਗ਼ਾਨਿਸਤਾਨ ’ਚ ਮ੍ਰਿਤਕਾਂ ਦੀ ਗਿਣਤੀ 1,400 ਤੋਂ ਪਾਰ
ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦੱਸਿਆ ਕਿ ਪੂਰਬੀ ਅਫਗਾਨਿਸਤਾਨ ਵਿੱਚ ਆਏ ਭੂਚਾਲ ਵਿੱਚ ਅੱਜ ਮ੍ਰਿਤਕਾਂ ਦੀ ਗਿਣਤੀ 1,400 ਤੋਂ ਵੱਧ ਹੋ ਗਈ, ਜਦੋਂਕਿ 3,000 ਤੋਂ ਵੱਧ ਜ਼ਖਮੀ ਹਨ। ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਰਮੀ ਵੱਲੋਂ ਐਤਵਾਰ ਨੂੰ ਆਏ 6.0 ਸ਼ਿੱਦਤ ਦੇ ਜ਼ਬਰਦਸਤ ਭੂਚਾਲ ਕਾਰਨ ਤਬਾਹ ਹੋਏ ਪਹਾੜੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਣ ਲਈ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
ਭੂਚਾਲ ਨੇ ਕਈ ਸੂਬਿਆਂ ਨੂੰ ਪ੍ਰਭਾਵਿਤ ਕੀਤਾ ਜਿੱਥੇ ਕਾਫ਼ੀ ਨੁਕਸਾਨ ਹੋਇਆ ਹੈ। ਇਸਨੇ ਪਿੰਡਾਂ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਲੋਕ ਘਰਾਂ ਦੇ ਮਲਬੇ ਹੇਠ ਦਬ ਗਏ। ਉੱਚੇ-ਨੀਵੇਂ ਇਲਾਕਿਆਂ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ। ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਇੰਦਰਿਕਾ ਰਤਵਾਟੇ ਨੇ ਕਿਹਾ, ‘‘ਅਸੀਂ ਅਫਗਾਨਿਸਤਾਨ ਦੇ ਲੋਕਾਂ ਨੂੰ ਭੁੱਲ ਨਹੀਂ ਸਕਦੇ, ਜੋ ਕਈ ਸੰਕਟਾਂ ਅਤੇ ਝਟਕਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਭਾਈਚਾਰਿਆਂ ਦੀ ਸਹਿਣ ਸ਼ਕਤੀ ਕਮਜ਼ੋਰ ਹੋ ਗਈ ਹੈ।’’
ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਤਾਲਿਬਾਨ ਸਰਕਾਰ, ਜਿਸਨੂੰ ਸਿਰਫ਼ ਰੂਸ ਨੇ ਮਾਨਤਾ ਦਿੱਤੀ ਹੈ, ਨੇ ਵਿਦੇਸ਼ੀ ਸਰਕਾਰਾਂ ਅਤੇ ਮਾਨਵਤਾਵਾਦੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਭਾਰਤ ਨੇ ਅਫ਼ਗਾਨਿਸਤਾਨ ਲਈ ਰਾਹਤ ਸਮੱਗਰੀ ਭੇਜੀ
ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਉਸਨੇ ਕਾਬੁਲ ਵਿੱਚ ਇੱਕ ਹਜ਼ਾਰ ਪਰਿਵਾਰਾਂ ਲਈ ਟੈਂਟ ਭੇਜੇ ਹਨ ਅਤੇ ਕੁਨਾਰ ਵਿੱਚ 15 ਟਨ ਭੋਜਨ ਸਮੱਗਰੀ ਭੇਜੀ ਜਾ ਰਹੀ ਹੈ। ਮੰਗਲਵਾਰ ਤੋਂ ਹੋਰ ਰਾਹਤ ਸਮੱਗਰੀ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਫ਼ਗਾਨਿਸਤਾਨ ਨਾਲ ਭਾਰਤ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਨੁੱਖੀ ਸਹਾਇਤਾ ਅਤੇ ਰਾਹਤ ਸਮੱਗਰੀ ਭੇਜਣ ਲਈ ਤਿਆਰ ਹੈ। -ਰਾਇਟਰਜ਼