Dubai Fire: ਦੁਬਈ ਦੀ 67-ਮੰਜ਼ਲਾ ਇਮਾਰਤ ’ਚ ਅੱਗ ਭਿਆਨਕ ਲੱਗੀ, 3820 ਲੋਕਾਂ ਨੂੰ ਸੁਰੱਖਿਅਤ ਕੱਢਿਆ
ਦੁਬਈ, 14 ਜੂਨ
ਦੁਬਈ ਮੀਡੀਆ ਦਫਤਰ (ਡੀਐਮਓ) ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਇੱਥੇ ਮਰੀਨਾ ਵਿੱਚ ਇੱਕ 67 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਸ਼ੁੱਕਰਵਾਰ ਦੇਰ ਰਾਤ ਅੱਗ ਲੱਗਣ ਤੋਂ ਬਾਅਦ ਮਰੀਨਾ ਪਿਨੈਕਲ (Marina Pinnacle) ਦੇ 764 ਅਪਾਰਟਮੈਂਟਾਂ ਦੇ ਸਾਰੇ 3,820 ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
‘ਖਲੀਜ ਟਾਈਮਜ਼’ (Khaleej Times) ਅਖਬਾਰ ਦੀ ਰਿਪੋਰਟ ਅਨੁਸਾਰ, ਦੁਬਈ ਸਿਵਲ ਡਿਫੈਂਸ ਟੀਮਾਂ ਨੇ ਛੇ ਘੰਟੇ ਦੀ ਅਣਥੱਕ ਮਿਹਨਤ ਕਰਕੇ ਅੱਗ ਬੁਝਾ ਦਿੱਤੀ ਹੈ।
ਡੀਐਮਓ (Dubai Media Office - DMO) ਨੇ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਨਿਵਾਸੀਆਂ ਲਈ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਇਮਾਰਤ ਦੇ ਡਿਵੈਲਪਰ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ।
ਡੀਐਮਓ ਨੇ ਸ਼ਨਿੱਚਰਵਾਰ ਨੂੰ ਤੜਕੇ 1.44 ਵਜੇ ਐਕਸ X 'ਤੇ ਇੱਕ ਪੋਸਟ ਵਿੱਚ ਕਿਹਾ: “ਵਿਸ਼ੇਸ਼ ਟੀਮਾਂ ਨੇ 67 ਮੰਜ਼ਿਲਾ ਇਮਾਰਤ ਤੋਂ ਸਾਰੇ ਨਿਵਾਸੀਆਂ ਨੂੰ ਸਫਲਤਾਪੂਰਵਕ ਬਾਹਰ ਕੱਢਿਆ, ਪੂਰੇ ਕਾਰਜ ਦੌਰਾਨ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦਿੱਤੀ ਗਈ। ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।”
Specialized teams successfully evacuated all residents from the 67-storey building, prioritizing their health and safety throughout the operation. Efforts continue to fully contain the fire. pic.twitter.com/7q0O0FU38G
— Dubai Media Office (@DXBMediaOffice) June 13, 2025
ਇਸ ਤੋਂ ਬਾਅਦ DMO ਨੇ ਤੜਕੇ 2.09 ਵਜੇ ਕਿਹਾ, "ਐਂਬੂਲੈਂਸ ਟੀਮਾਂ ਅਤੇ ਮੈਡੀਕਲ ਸਟਾਫ ਸੁਰੱਖਿਅਤ ਢੰਗ ਨਾਲ ਕੱਢੇ ਗਏ ਨਿਵਾਸੀਆਂ ਨੂੰ ਪੂਰੀ ਡਾਕਟਰੀ ਅਤੇ ਮਾਨਸਿਕ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ 'ਤੇ ਮੌਜੂਦ ਹਨ।"
ਡੀਐਮਓ ਨੇ ਬਾਅਦ ਵਿੱਚ 2.21 ਵਜੇ ਨੋਟ ਕੀਤਾ ਕਿ ਵਿਸ਼ੇਸ਼ ਇਕਾਈਆਂ ਨੇ ਮਰੀਨਾ ਪਿਨੈਕਲ ਦੇ 764 ਅਪਾਰਟਮੈਂਟਾਂ ਤੋਂ ਸਾਰੇ 3,820 ਨਿਵਾਸੀਆਂ ਨੂੰ ਬਿਨਾਂ ਕਿਸੇ ਸੱਟ ਦੇ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਰੀਨਾ ਪਿਨੈਕਲ - ਜਿਸਨੂੰ ਟਾਈਗਰ ਟਾਵਰ (Tiger Tower) ਵੀ ਕਿਹਾ ਜਾਂਦਾ ਹੈ - ਵਿਚ ਅੱਗ ਲੱਗੀ ਹੋਵੇ। ‘ਖਲੀਜ ਟਾਈਮਜ਼’ ਨੇ ਕਿਹਾ ਕਿ ਮਈ 2015 ਵਿੱਚ, ਰਸੋਈ ਦੀ ਇੱਕ ਘਟਨਾ ਨੇ 47ਵੀਂ ਮੰਜ਼ਿਲ 'ਤੇ ਅੱਗ ਲਗਾ ਦਿੱਤੀ ਸੀ, ਜੋ ਦੁਬਈ ਸਿਵਲ ਡਿਫੈਂਸ ਦੁਆਰਾ ਕਾਬੂ ਕੀਤੇ ਜਾਣ ਤੋਂ ਪਹਿਲਾਂ 48ਵੀਂ ਮੰਜ਼ਿਲ ਤੱਕ ਫੈਲ ਗਈ ਸੀ। -ਪੀਟੀਆਈ