ਨਸ਼ੀਲੇ ਪਦਾਰਥ ਦੀ ਵਰਤੋਂ ਨੇ ਤਾਲਿਬਾਨੀ ਹਮਲੇ ਦੀ ਭਿਆਨਕ ਯਾਦ ਤਾਜ਼ਾ ਕੀਤੀ: ਮਲਾਲਾ
ਆਕਸਫੋਰਡ ਯੂਨੀਵਰਸਿਟੀ ’ਚ ਦੋਸਤਾਂ ਨਾਲ ਭੰਗ ਪੀਣ ਤੋਂ ਬਾਅਦ ਸ਼ੁਰੂ ਹੋਇਆ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਦਾ ਮਾਨਸਿਕ ਸੰਘਰਸ਼
ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ 13 ਸਾਲ ਪਹਿਲਾਂ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਣੇ ਮਾਨਸਿਕ ਸਿਹਤ ਸੰਘਰਸ਼ਾਂ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ ਵਿੱਚ ਦੋਸਤਾਂ ਨਾਲ ਭੰਗ ਪੀਣ ਤੋਂ ਬਾਅਦ ਉਸ ਨੂੰ ਹਮਲੇ ਦੀਆਂ ਭਿਆਨਕ ਯਾਦਾਂ ਤਾਜ਼ਾ ਹੋ ਗਈਆਂ ਸਨ। ਆਪਣੀ ਨਵੀਂ ਕਿਤਾਬ ‘ਫਾਈਂਡਿੰਗ ਮਾਈ ਵੇਅ’ ਦੇ ਰਿਲੀਜ਼ ਤੋਂ ਪਹਿਲਾਂ ‘ਦਿ ਗਾਰਡੀਅਨ’ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ 28 ਸਾਲਾ ਪਾਕਿਸਤਾਨੀ ਲੜਕੀ ਮਲਾਲਾ ਨੇ ਦੱਸਿਆ ਕਿ ਜਦੋਂ ਉਸ ਨੇ ‘ਬੌਂਗ’ (ਨਸ਼ੇ ਲਈ ਵਰਤਿਆ ਜਾਣ ਵਾਲਾ ਪਾਈਪ) ਦੀ ਵਰਤੋਂ ਕੀਤੀ ਤਾਂ ਉਸ ਦੇ ਦਿਮਾਗ ਵਿੱਚ ਹਮਲੇ ਦੀਆਂ ਦੱਬੀਆਂ ਹੋਈਆਂ ਯਾਦਾਂ ਮੁੜ ਉੱਭਰ ਆਈਆਂ। 2012 ਵਿੱਚ ਇੱਕ ਤਾਲਿਬਾਨੀ ਅਤਿਵਾਦੀ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਉਸ ਨੂੰ ਗੋਲੀ ਲੱਗਣ ਤੋਂ ਬਾਅਦ ਸਰਜਰੀ ਲਈ ਸਵਾਤ ਘਾਟੀ ਤੋਂ ਬਰਤਾਨੀਆ ਲਿਆਂਦਾ ਗਿਆ ਸੀ। ਮਲਾਲਾ ਨੇ ਦੱਸਿਆ ਕਿ ਉਸ ਨੂੰ ਅਹਿਸਾਸ ਹੋਇਆ ਕਿ ਹਮਲੇ ਤੋਂ ਬਾਅਦ ਉਸ ਨੂੰ ਸਾਰੀ ਘਟਨਾ ਭੁੱਲ ਹੀ ਗਈ ਸੀ। ਉਸ ਨੇ ਕਿਹਾ, ‘ਉਸ ਰਾਤ ਤੋਂ ਬਾਅਦ, ਸਭ ਕੁਝ ਹਮੇਸ਼ਾ ਲਈ ਬਦਲ ਗਿਆ। ਮੈਨੂੰ ਕਦੇ ਵੀ ਹਮਲੇ ਦੇ ਇੰਨਾ ਨੇੜੇ ਮਹਿਸੂਸ ਨਹੀਂ ਹੋਇਆ ਸੀ। ਮੈਨੂੰ ਲੱਗਿਆ ਜਿਵੇਂ ਮੈਂ ਉਹ ਸਭ ਕੁਝ ਦੁਬਾਰਾ ਜਿਊ ਰਹੀ ਹਾਂ।’ ਇਸ ਘਟਨਾ ਤੋਂ ਬਾਅਦ ਉਸ ਨੂੰ ਚਿੰਤਾ ਅਤੇ ਘਬਰਾਹਟ ਹੋਣ ਲੱਗੀ, ਜਿਸ ਨਾਲ ਉਸ ਦੀ ਯੂਨੀਵਰਸਿਟੀ ਦੀ ਪੜ੍ਹਾਈ ’ਤੇ ਬਹੁਤ ਬੁਰਾ ਅਸਰ ਪਿਆ। ਬਾਅਦ ਵਿੱਚ ਥੈਰੇਪੀ ਮਗਰੋਂ ਕੁੱਝ ਰਾਹਤ ਮਹਿਸੂਸ ਹੋਈ।