ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਰੂਸ ਦੇ ਪ੍ਰਥਮ ਉਪ ਪ੍ਰਧਾਨ ਮੰਤਰੀ ਦੈਨਿਸ ਮੰਤੂਰੋਵ ਨਾਲ ਦੁਵੱਲੇ ਫੌਜੀ-ਤਕਨੀਕੀ ਸਬੰਧਾਂ ਅਤੇ ਰਣਨੀਤਕ ਖੇਤਰਾਂ ’ਚ ਸਾਂਝੇ ਪ੍ਰਾਜੈਕਟ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਡੋਵਾਲ ਦੁਵੱਲੇ ਊਰਜਾ ਅਤੇ ਰੱਖਿਆ ਸਬੰਧਾਂ ਬਾਰੇ ਅਹਿਮ ਵਾਰਤਾ ਕਰਨ ਤੇ ਇਸ ਸਾਲ ਦੇ ਅਖੀਰ ’ਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਲਈ ਰੂਸ ’ਚ ਹਨ। ਭਾਰਤ ਸਥਿਤ ਰੂਸੀ ਸਫ਼ਾਰਤਖਾਨੇ ਮੁਤਾਬਕ ਡੋਵਾਲ ਅਤੇ ਮੰਤੂਰੋਵ ਨੇ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ ਸੀ। ਸਫ਼ਾਰਤਖਾਨੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੀਟਿੰਗ ਦੌਰਾਨ ਭਾਰਤ-ਰੂਸ ਵਿਚਾਲੇ ਫੌਜੀ-ਤਕਨੀਕੀ ਸਹਿਯੋਗ ਨਾਲ ਜੁੜੇ ਮੌਜੂਦਾ ਮੁੱਦਿਆਂ ’ਤੇ ਚਰਚਾ ਹੋਈ। ਇਸ ਦੇ ਨਾਲ ਹੀ ਸਿਵਲ ਜਹਾਜ਼ ਬਣਾਉਣ, ਧਾਤਾਂ ਅਤੇ ਰਸਾਇਣਕ ਉਦਯੋਗਾਂ ਜਿਹੇ ਹੋਰ ਰਣਨੀਤਕ ਖੇਤਰਾਂ ’ਚ ਸਾਂਝੇ ਪ੍ਰਾਜੈਕਟ ਲਾਗੂ ਕਰਨ ਬਾਰੇ ਵੀ ਗੱਲਬਾਤ ਹੋਈ।’’
ਡੋਵਾਲ ਨੇ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਮੁਲਾਕਾਤ ਕਰਕੇ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਹਿਯੋਗ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ਬਾਹਰੀ ਦਬਾਅ ਦੇ ਬਾਵਜੂਦ ਰੂਸ ਨਾਲ ਸਾਰੇ ਮੋਰਚਿਆਂ ’ਤੇ ਸਹਿਯੋਗ ਜਾਰੀ ਰੱਖਣ ਦੀ ਨਵੀਂ ਦਿੱਲੀ ਦੀ ਵਚਨਬੱਧਤਾ ਦੁਹਰਾਈ। ਡੋਵਾਲ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੋਂ ਤੇਲ ਖ਼ਰੀਦਣ ਕਰਕੇ ਭਾਰਤੀ ਵਸਤਾਂ ’ਤੇ 25 ਫ਼ੀਸਦ ਦਾ ਵਾਧੂ ਟੈਰਿਫ ਲਗਾ ਦਿੱਤਾ ਹੈ। ਇਸ ਮਗਰੋਂ ਕੁੱਲ ਟੈਰਿਫ 50 ਫ਼ੀਸਦ ਹੋ ਗਿਆ ਹੈ।