ਡੋਨਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ
ਵਾਸ਼ਿੰਗਟਨ, 20 ਜਨਵਰੀ
ਡੋਨਲਡ ਟਰੰਪ ਨੇ ਅੱਜ ਇਥੇ ਕੈਪੀਟਲ ਹਿੱਲ (ਅਮਰੀਕੀ ਸੰਸਦ) ਵਿਚ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ। ਟਰੰਪ ਨੂੰ ਅਹੁਦੇ ਦਾ ਹਲਫ਼ ਦਿਵਾਉਣ ਦੀ ਰਸਮ ਚੀਫ ਜਸਟਿਸ ਜੌਨ ਰੌਬਰਟਸ ਸੌਂਹ ਨੇ ਨਿਭਾਈ। ਟਰੰਪ ਵੱਲੋਂ ਸਹੁੰ ਚੁੱਕਣ ਮਗਰੋਂ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਰਾਸ਼ਟਰਪਤੀ ਬਣਨ ਮਗਰੋਂ ਆਪਣੇ ਪਹਿਲੇ ਸੰਬੋਧਨ ’ਚ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਸੁਨਹਿਰਾ ਦੌਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜੇ ਸੰਕਟ ਦੇ ਦੌਰ ’ਚੋਂ ਗੁਜ਼ਰ ਰਹੀ ਹੈ ਪਰ ਉਨ੍ਹਾਂ ਦੇ ਮੌਜੂਦਾ ਕਾਰਜਕਾਲ ’ਚ ਅਮਰੀਕਾ ਵਧੇਰੇ ਮਜ਼ਬੂਤ ਅਤੇ ਤਾਕਤਵਰ ਬਣ ਕੇ ਉਭਰੇਗਾ। ਉਨ੍ਹਾਂ ਘੁਸਪੈਠ ਰੋਕਣ ਦਾ ਐਲਾਨ ਕਰਦਿਆਂ ਕਿਹਾ ਕਿ ਲਾਸ ਏਂਜਲਸ ਵਰਗੀ ਘਟਨਾ ਦਾ ਦੁਹਰਾਅ ਨਹੀਂ ਹੋਵੇਗਾ। ਟਰੰਪ ਨੇ ਕਿਹਾ ਕਿ ਪਰਮਾਤਮਾ ਨੇ ਅਮਰੀਕਾ ਨੂੰ ਮਹਾਨ ਬਣਾਉਣ ਲਈ ਉਨ੍ਹਾਂ ਨੂੰ ਬਚਾਇਆ ਹੈ ਅਤੇ ਉਹ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਲਈ ਪੂਰੀ ਵਾਹ ਲਾਉਣਗੇ। ਟਰੰਪ ਨੇ ਸਿਆਹਫਾਮ ਭਾਈਚਾਰੇ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਟਰੰਪ ਨੇ ਮੈਕਸਿਕੋ ਸਰਹੱਦ ’ਤੇ ਕੌਮੀ ਐਮਰਜੈਂਸੀ ਐਲਾਨ ਦਿੱਤੀ ਅਤੇ ਕਿਹਾ ਕਿ ਉਥੇ ਘੁਸਪੈਠ ਰੋਕਣ ਲਈ ਹੋਰ ਫੌਜ ਭੇਜੀ ਜਾਵੇਗੀ। ਉਨ੍ਹਾਂ ਵਿਦੇਸ਼ੀ ਅਤਿਵਾਦੀ ਜਥੇਬੰਦੀਆਂ ਦੇ ਖ਼ਾਤਮੇ ਦਾ ਵੀ ਅਹਿਦ ਲਿਆ।
Congratulations my dear friend President @realDonaldTrump on your historic inauguration as the 47th President of the United States! I look forward to working closely together once again, to benefit both our countries, and to shape a better future for the world. Best wishes for a…
— Narendra Modi (@narendramodi) January 20, 2025
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਨੂੰ ਅਮਰੀਕਾ ਦਾ 47ਵਾਂ ਰਾਸ਼ਟਰਪਤੀ ਬਣਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਇਕ ਟਵੀਟ ’ਚ ਟਰੰਪ ਨੂੰ ਮਾਈ ਡੀਅਰ ਫਰੈਂਡ (ਮੇਰੇ ਪਿਆਰੇ ਦੋਸਤ) ਆਖ ਕੇ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਰਤ ਅਤੇ ਅਮਰੀਕਾ ਰਲ ਕੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਗੇ।
ਹਲਫ਼ਦਾਰੀ ਸਮਾਗਮ ਪਹਿਲਾਂ ਕੈਪੀਟਲ ਹਿੱਲ ਦੇ ਬਾਹਰ ਹੋਣਾ ਸੀ, ਪਰ ਅਤਿ ਦੀ ਠੰਢ ਕਰਕੇ ਇਸ ਨੂੰ ਇਨਡੋਰ ਸ਼ਿਫਟ ਕਰਨਾ ਪਿਆ। ਹਲਫ਼ਦਾਰੀ ਸਮਾਗਮ ਵਿਚ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜੌਰਜ ਡਬਲਿਊ ਬੁਸ਼, ਬਿੱਲ ਕਲਿੰਟਨ, ਉਨ੍ਹਾਂ ਦੀ ਪਤਨੀ ਹਿਲੇਰੀ ਕਲਿੰਟਨ, ਸਾਬਕਾ ਉਪ ਰਾਸ਼ਟਰਪਤੀਆਂ ਤੋਂ ਇਲਾਵਾ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਤੇ ਟਰੰਪ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸੀ।
ਹਲਫ਼ਦਾਰੀ ਸਮਾਗਮ ਦੌਰਾਨ ਟਰੰਪ ਨੇ ਦੋ ਬਾਈਬਲਾਂ ਤੋਂ ਸਹੁੰ ਚੁੱਕੀ। ਇਨ੍ਹਾਂ ਵਿਚੋਂ ਇਕ ਬਾਈਬਲ 1955 ਵਿਚ ਟਰੰਪ ਨੂੰ ਉਨ੍ਹਾਂ ਦੀ ਮਾਂ ਨੇ ਦਿੱਤੀ ਸੀ ਜਦੋਂਕਿ ਦੂਜੀ ਬਾਈਬਲ ਲਿੰਕਨ ਬਾਈਬਲ ਹੈ। ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਵੀ ਇਸੇ ਬਾਈਬਲ ਤੋਂ ਸਹੁੰ ਚੁੱਕੀ ਸੀ। ਟਰੰਪ ਨੂੰ ਹਲਫ਼ ਦਿਵਾਉਣ ਦੀ ਰਸਮ ਚੀਫ ਜਸਟਿਸ ਜੌਨ ਰੌਬਰਟਸ ਸੌਂਹ ਨੇ ਨਿਭਾਈ।
ਉਧਰ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਹਲਫ਼ ਲੈਣ ਲਈ ਆਪਣੀ ਨਿੱਜੀ ਬਾਈਬਲ ਵਰਤੀ। ਵਾਂਸ ਨੂੰ ਇਹ ਬਾਈਬਲ ਉਨ੍ਹਾਂ ਦੀ ਪੜਦਾਦੀ ਨੇ ਦਿੱਤੀ ਸੀ। ਵਾਂਸ ਨੂੰ ਸੁਪਰੀਮ ਕੋਰਟ ਦੇ Justice Brett Kavanaugh ਸਹੁੰ ਚੁਕਾਈ। ਇਸ ਮੌਕੇ ਵਾਂਸ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵਾਂਸ ਦੀ ਮੌਜੂਦ ਸੀ।
ਇਸ ਤੋਂ ਪਹਿਲਾਂ ਅੱਜ ਸੇਂਟ ਜੌਹਨ ਐਪੀਸਕੋਪਲ ਗਿਰਜਾਘਰ ਵਿਚ ਕੀਤੀ ਸੇਵਾ ਨਾਲ ਟਰੰਪ ਦੇ ਹਲਫ਼ਦਾਰੀ ਸਮਾਗਮ ਦਾ ਆਗਾਜ਼ ਹੋ ਗਿਆ ਸੀ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਨੂੰ ਅਹੁਦੇ ਦਾ ਹਲਫ਼ ਲੈਣ ਤੋਂ ਪਹਿਲਾਂ ਇਸ ਗਿਰਜਾਘਰ ਵਿਚ ਸਰਵਿਸ ਕਰਨੀ ਪੈਂਦੀ ਹੈ। ਵ੍ਹਾਈਟ ਹਾਊਸ ਪੁੱਜਣ ਉੱਤੇ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਨੇ ਟਰੰਪ ਦੰਪਤੀ ਦਾ ਰੈੱਡ ਕਾਰਪੈੱਟ ਸਵਾਗਤ ਕੀਤਾ। ਇਸ ਨਿੱਜੀ ਮੁਲਾਕਾਤ ਤੋਂ ਪਹਿਲਾਂ ਰਾਸ਼ਟਰਪਤੀ ਬਾਇਡਨ ਤੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਸਵੀਰਾਂ ਖਿਚਵਾਈਆਂ। ਟਰੰਪ ਜਿਵੇਂ ਹੀ ਕਾਰ ’ਚੋਂ ਬਾਹਰ ਨਿਕਲੇ ਤਾਂ ਬਾਇਡਨ ਨੇ ਉਨ੍ਹਾਂ ਨੂੰ ਕਿਹਾ, ‘‘ਘਰ ਵਿਚ ਤੁਹਾਡਾ ਸਵਾਗਤ ਹੈ।’’ ਅੱਜ ਦੇ ਹਲਫ਼ਦਾਰੀ ਸਮਾਗਮ ਵਿਚ ਪਿਛਲੇ ਟਰੰਪ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਸ਼ਾਮਲ ਹੋਏ, ਜਿਨ੍ਹਾਂ ਵਿਚ ਅਰਕਾਨਸਸ ਦੇ ਗਵਰਨਰ ਸਾਰ੍ਹਾ ਹਕਾਬੀ ਸੈਂਡਰਜ਼, ਕੈਲੀਏਨ ਕੌਨਵੇੇਅ, ਟੈਕਸਸ ਤੋਂ ਰਿਪਬਲਿਕਨ ਰੌਨੀ ਜੈਕਸਨ ਵੀ ਸ਼ਾਮਲ ਸਨ। ਜੈਕਸਨ ਵ੍ਹਾਈਟ ਹਾਊਸ ਵਿਚ ਟਰੰਪ ਦੇ ਡਾਕਟਰ ਸਨ। ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣ ਵਾਲੇ ਆਲਮੀ ਆਗੂਆਂ ਵਿਚ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮਿਲੋਨੀ, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ, ਚੀਨ ਦੇ ਉਪ ਰਾਸ਼ਟਰਪਤੀ ਹੈਨ ਜ਼ੈਂਗ, ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲਈ, ਇਕੁਆਡੋਰ ਦੇ ਰਾਸ਼ਟਰਪਤੀ ਡੈਨੀਅਲ, ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਆਸਟਰੇਲੀਆ ਦੀ ਵਿਦੇਸ਼ ਮੰਰਤੀ ਪੈਨੀ ਵੌਂਗ ਤੇ ਜਪਾਨ ਦੇ ਵਿਦੇਸ਼ ਮੰਤਰੀ ਤਾਕੇਸ਼ੀ ਇਵਾਇਆ ਸ਼ਾਮਲ ਹਨ। ਸਮਾਗਮ ’ਚ ਹਾਜ਼ਰੀ ਭਰਨ ਵਾਲੇ ਟੈੱਕ ਜਾਇੰਟਸ ਵਿਚ ਟੈਸਲਾ ਸਪੇਸਐਕਸ ਦੇ ਐਲਨ ਮਸਕ, ਐਮਾਜ਼ੋਨ ਦੇ ਜੈਫ ਬੈਜ਼ੋਜ਼, ਮੈਟਾ ਦੇ ਮਾਰਕ ਜ਼ਕਰਬਰਗ, ਟਿਕਟੌਕ ਦੇ ਸੂ ਜ਼ੀ ਚਿਊ, ਐਪਲ ਦੇ ਟਿਮ ਕੁੱਕ, ਓਪਨਏਆਈ ਦੇ ਸੈਮ ਐਲਟਮੈਨ ਤੇ ਗੂਗਲ ਦੇ ਸੁੰਦਰ ਪਿਚਾਈ ਆਦਿ ਸ਼ਾਮਲ ਸਨ। ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਉਹ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਮਾਣ ਮਹਿਸੂਸ ਕਰ ਰਹੇ ਹਨ। -ਏਜੰਸੀਆਂ