Delta Airlines plane crashes at Toronto: ਟੋਰਾਂਟੋ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 17 ਜ਼ਖਮੀ, ਜਾਨੀ ਨੁਕਸਾਨ ਤੋਂ ਬਚਾਅ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 18 ਫਰਵਰੀ
ਸੋਮਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਘੱਟੋ-ਘੱਟ 17 ਯਾਤਰੀ ਜ਼ਖਮੀ ਹੋ ਗਏ, ਜਿਸ ਉਪਰੰਤ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਡੈਲਟਾ ਏਅਰ ਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ, "ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਜ਼ਖਮੀ ਹੋਏ 17 ਸਵਾਰੀਆਂ ਨੂੰ ਖੇਤਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਜ਼ਖਮੀਆਂ ਵਿਚੋਂ ਇੱਕ ਬੱਚੇ ਸਮੇਤ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਮਰੀਕਾ ਦੇ ਸ਼ਹਿਰ ਮਿਨੀਆਪੋਲੀਸ (Minneapolis) ਤੋਂ ਆਏ ਜਹਾਜ਼ ਵਿੱਚ ਅਮਲੇ ਦੇ ਚਾਰ ਮੈਂਬਰ ਅਤੇ 76 ਯਾਤਰੀ ਸਵਾਰ ਸਨ। ਦੁਪਹਿਰ ਢਾਈ ਕੁ ਵਜੇ ਵਾਪਰੇ ਹਾਦਸੇ ਤੋਂ ਬਾਅਦ ਹਵਾਈ ਅੱਡਾ ਉਡਾਣਾਂ ਦੇ ਉੱਡਣ ਜਾਂ ਉਤਰਨ ਲਈ ਤਿੰਨ ਘੰਟੇ ਬੰਦ ਰੱਖਣਾ ਪਿਆ ਤਾਂ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਹੋ ਸਕੇ। ਇਸ ਦੌਰਾਨ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਜਿਨ੍ਹਾਂ ਚੋਂ 48 ਵੱਡੇ ਜਹਾਜਾਂ ਨੂੰ ਮੌਟਰੀਅਲ ਅਤੇ ਓਟਵਾ ਹਵਾਈ ਅੱਡਿਆਂ ਵੱਲ ਭੇਜਿਆ ਗਿਆ ਤੇ ਛੋਟੇ ਜਹਾਜਾਂ ਨੂੰ ਲੰਡਨ, ਵਿੰਡਸਰ ਆਦਿ ਨੇੜਲੇ ਹਵਾਈ ਅੱਡਿਆਂ ਤੇ ਉਤਾਰਿਆ ਗਿਆ।
New video of Delta plane crash at Toronto Pearson. Hope everyone is safe pic.twitter.com/C5NfWYm9OR
— kur (@ghstlykrxd) February 17, 2025
ਟਰਾਂਸਪੋਰਟ ਸੇਫਟੀ ਬੋਰਡ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਜਹਾਜ਼ ਵਿਚ ਯਾਤਰਾ ਕਰਨ ਵਾਲਿਆਂ ਵਿਚ 22 ਕੈਨੇਡੀਅਨ ਨਾਗਰਿਕ ਤੇ ਬਾਕੀ ਹੋਰ ਦੇਸ਼ਾਂ ਤੋਂ ਸਨ। ਗ੍ਰੇਟਰ ਟਰਾਂਟੋ ਏਅਰਪੋਰਟ ਦੇ ਮੁੱਖ ਕਾਰਜਕਾਰੀ ਡੈਬੋਰਾ ਫਲਿੰਟ ਨੇ ਹਾਦਸੇ ’ਤੇ ਦੁੱਖ ਪ੍ਰਗਾਟਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ’ਤੇ ਤਸੱਲੀ ਪ੍ਰਗਟਾਈ।
ਕੁਝ ਲੋਕਾਂ ਵਲੋਂ ਬਣਾਈ ਮੌਕੇ ਦੀ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਉੱਤਰਦੇ ਸਮੇਂ ਰਨਵੇਅ ਤੋਂ ਤਿਲਕ ਕੇ ਟੇਢਾ ਹੁੰਦਿਆਂ ਪਲਟ ਗਿਆ ਸੀ। ਜਹਾਜ਼ ਦਾ ਪਿੱਛਲਾ ਹਿੱਸਾ ਜਿਆਦਾ ਨੁਕਸਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦਾ ਬਹੁਤਾ ਖੇਤਰ ਤਿੰਨ ਫੁੱਟ ਤੋਂ ਵੀ ਉੱਚੀ ਬਰਫ ਦੀ ਤਹਿ ਨਾਲ ਢੱਕਿਆ ਹੋਇਆ ਹੈ ਅਤੇ ਅਕਸਰ ਰਨਵੇਅ ਸਮੇਤ ਸੰਚਾਲਨ ਲਈ ਜਰੂਰੀ ਸਥਾਨਾਂ ਦੀ ਹੀ ਸਫਾਈ ਕੀਤੀ ਜਾਂਦੀ ਹੈ। ਇਸ ਹਾਦਸੇ ਦੇ ਪਿੱਛੇ ਬਰਫ ਦੇ ਢੇਰਾਂ ਨੂੰ ਵੀ ਕਥਿਤ ਤੌਰ ’ਤੇ ਕਾਰਨ ਮੰਨਿਆ ਜਾ ਰਿਹਾ ਹੈ।