ਮੀਡੀਆ ’ਤੇ ਭਰੋਸੇ ਦਾ ਸੰਕਟ
ਗਲਾਸਗੋ ਯੂਨੀਵਰਸਿਟੀ ਮੀਡੀਆ ਗਰੁੱਪ ਦਾ ਸਰਵੇਖਣ; ਮੀਡੀਆ ਆਮ ਲੋਕਾਂ ਦੀ ਜਗ੍ਹਾ ਤਾਕਤਵਰਾਂ ਦੀ ਆਵਾਜ਼ ਬਣਿਆ; ਲੋਕਾਂ ਦਾ ਡਿਜੀਟਲ ਪਲੈਟਫਾਰਮਾਂ ਵੱਲ ਝੁਕਾਅ
ਦੁਨੀਆ ਭਰ ਵਿੱਚ ਮੀਡੀਆ ’ਤੇ ਲੋਕਾਂ ਦਾ ਭਰੋਸਾ ਘਟ ਰਿਹਾ ਹੈ। ਗਲਾਸਗੋ ਯੂਨੀਵਰਸਿਟੀ ਮੀਡੀਆ ਗਰੁੱਪ ਨੇ 2011 ਤੋਂ 2024 ਤੱਕ ਕੀਤੇ ਅਧਿਐਨ ਵਿੱਚ ਇਸ ਪਿਛਲੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਖੋਜ ਦਰਸਾਉਂਦੀ ਹੈ ਕਿ ਆਮ ਲੋਕਾਂ ਅਤੇ ਮੁੱਖ ਧਾਰਾ ਦੀ ਪੱਤਰਕਾਰੀ ਵਿਚਾਲੇ ਵੱਡਾ ਪਾੜਾ ਪੈਦਾ ਹੋ ਗਿਆ ਹੈ, ਜਿਸ ਕਾਰਨ ਲੋਕ ਮਹਿਸੂਸ ਕਰਦੇ ਹਨ ਕਿ ਮੀਡੀਆ ਉਨ੍ਹਾਂ ਦੀ ਨਹੀਂ, ਸਗੋਂ ਤਾਕਤਵਰਾਂ ਦੀ ਆਵਾਜ਼ ਬਣ ਗਿਆ ਹੈ।
20ਵੀਂ ਸਦੀ ਵਿੱਚ ਜਦੋਂ ਬੀ ਬੀ ਸੀ ਵਰਗੇ ਕੁਝ ਹੀ ਖ਼ਬਰੀ ਅਦਾਰੇ ਸਨ, ਲੋਕਾਂ ਕੋਲ ਜਾਣਕਾਰੀ ਦੇ ਬਹੁਤੇ ਬਦਲ ਨਹੀਂ ਸਨ ਅਤੇ ਉਹ ਮੀਡੀਆ ’ਤੇ ਇੱਕ ਤਰ੍ਹਾਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਸਨ ਪਰ ਡਿਜੀਟਲ ਯੁੱਗ ਨੇ ਸਭ ਕੁਝ ਬਦਲ ਦਿੱਤਾ ਹੈ। ਹੁਣ ਰਵਾਇਤੀ ਮੀਡੀਆ ਘਰਾਣਿਆਂ ਨੂੰ ਆਪਣੀ ਸਮੱਗਰੀ ਪਹੁੰਚਾਉਣ ਲਈ ਡਿਜੀਟਲ ਪਲੈਟਫਾਰਮਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਮੁੱਖ ਧਾਰਾ ਦੀਆਂ ਖ਼ਬਰਾਂ ਹਾਲੇ ਵੀ ਸਰਕਾਰ, ਕਾਰੋਬਾਰ ਅਤੇ ਆਰਥਿਕ ਮਾਹਿਰਾਂ ਦੇ ਨਜ਼ਰੀਏ ਨਾਲ ਚੱਲਦੀਆਂ ਹਨ ਪਰ ਡਿਜੀਟਲ ਪਲੈਟਫਾਰਮ ਸੋਸ਼ਲ ਮੀਡੀਆ ਪ੍ਰਭਾਵਕਾਂ, ਆਜ਼ਾਦ ਪੱਤਰਕਾਰਾਂ, ਕਾਰਕੁਨਾਂ ਅਤੇ ਆਮ ਵਰਤੋਂਕਾਰਾਂ ਦੀ ਆਵਾਜ਼ ਨੂੰ ਵੀ ਸੁਣਨ ਦਾ ਮੌਕਾ ਦਿੰਦੇ ਹਨ। ਇਸ ਡਿਜੀਟਲ ਯੁੱਗ ਵਿੱਚ ਦਰਸ਼ਕ ਮੁੱਖ ਤੌਰ ’ਤੇ ਤਿੰਨ ਹਿੱਸਿਆਂ ਵਿੱਚ ਵੰਡੇ ਹੋਏ ਹਨ। ਵੱਡੀ ਉਮਰ ਦੇ ਅਤੇ ਪੜ੍ਹੇ-ਲਿਖੇ ਲੋਕ ਹਾਲੇ ਵੀ ਮੁੱਖ ਧਾਰਾ ਦੇ ਮੀਡੀਆ ’ਤੇ ਨਿਰਭਰ ਹਨ। ਘੱਟ ਆਮਦਨ ਵਾਲੇ ਅਤੇ ਸਿਸਟਮ ਤੋਂ ਨਿਰਾਸ਼ ਲੋਕ ਅਕਸਰ ਬਦਲਵੇਂ ਸਰੋਤਾਂ ਜਿਵੇਂ ਪੋਡਕਾਸਟ ਅਤੇ ਬਲੌਗਰਾਂ ’ਤੇ ਭਰੋਸਾ ਕਰਦੇ ਹਨ। ਨੌਜਵਾਨ ਪੀੜ੍ਹੀ ਕਈ ਸਰੋਤਾਂ ਦੀ ਤੁਲਨਾ ਕਰਕੇ ਆਪਣੀ ਰਾਏ ਬਣਾਉਂਦੀ ਹੈ ਤੇ ਅਕਸਰ ਉਨ੍ਹਾਂ ਸੋਸ਼ਲ ਮੀਡੀਆ ਪ੍ਰਭਾਵਕਾਂ ’ਤੇ ਵੱਧ ਭਰੋਸਾ ਕਰਦੀ ਹੈ ਜੋ ਉਨ੍ਹਾਂ ਨੂੰ ਆਪਣੇ ਵਰਗੇ ਲੱਗਦੇ ਹਨ। ਇਸ ਰੁਝਾਨ ਦਾ ਖ਼ਤਰਾ ਇਹ ਹੈ ਕਿ ਲੋਕ ਬਿਨਾਂ ਤੱਥਾਂ ਦੀ ਜਾਂਚ ਵਾਲੇ ਸਰੋਤਾਂ ਵੱਲ ਜਾ ਰਹੇ ਹਨ, ਜਿਸ ਨਾਲ ਗ਼ਲਤ ਜਾਣਕਾਰੀ ਹੋਰ ਫੈਲ ਸਕਦੀ ਹੈ।

