ਨਵੇਂ ਬਰਤਾਨਵੀ ਇਮੀਗ੍ਰੇਸ਼ਨ ਨਿਯਮਾਂ ’ਤੇ ਚਿੰਤਾ ਜਤਾਈ
ਇੰਡੀਅਨ ਵਰਕਰਜ਼ ਐਸੋਸੀਏਸ਼ਨ ਨੇ ਨਿਯਮਾਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ
ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ 11 ਨਵੰਬਰ ਤੋਂ ਲਾਗੂ ਹੋਏ ਬਰਤਾਨੀਆ ਦੇ ਨਵੇਂ ਅਤੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਬਾਰੇ ਸਰਕਾਰ ਨੂੰ ਸਮੀਖਿਆ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਨਿਯਮ ਪਰਿਵਾਰਾਂ ਦੇ ਵਿਛੋੜੇ ਦਾ ਕਾਰਨ ਬਣ ਸਕਦੇ ਹਨ ਅਤੇ ਘੱਟ-ਗਿਣਤੀ ਭਾਈਚਾਰਿਆਂ ਲਈ ਬੇਲੋੜੀਆਂ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਯਾਦ ਰਹੇ ਕਿ ਇਮੀਗ੍ਰੇਸ਼ਨ ਦੇ ਪੁਰਾਣੇ ਨਿਯਮਾਂ ਨੂੰ ਹੁਣ ਹੋਰ ਸਖ਼ਤ ਨਿਯਮਾਂ ਨਾਲ ਬਦਲਿਆ ਜਾ ਰਿਹਾ ਹੈ, ਜੋ ਪਰਿਵਾਰ, ਕੰਮ, ਪੜ੍ਹਾਈ ਅਤੇ ਪੱਕੇ ਤੌਰ ’ਤੇ ਰਹਿਣ ਸਮੇਤ ਸਾਰੇ ਵੀਜ਼ਾ ਰੂਟਾਂ ’ਤੇ ਲਾਗੂ ਹੋਣਗੇ। ਨਵੇਂ ਨਿਯਮਾਂ ਤਹਿਤ ਤੈਅ ਸਮੇਂ ਤੋਂ ਵੱਧ ਰਹਿਣਾ, ਕਾਗਜ਼ੀ ਕਾਰਵਾਈ ਵਿੱਚ ਗ਼ਲਤੀ, ਪੁਰਾਣੀ ਮਾਮੂਲੀ ਸਜ਼ਾ ਜਾਂ 500 ਪੌਂਡ ਤੋਂ ਵੱਧ ਦੇ ਐੱਨ ਐੱਚ ਐੱਸ ਕਰਜ਼ੇ ਵਰਗੀਆਂ ਛੋਟੀਆਂ ਜਾਂ ਪੁਰਾਣੀਆਂ ਗ਼ਲਤੀਆਂ ਵੀ ਵੀਜ਼ਾ ਰੱਦ ਹੋਣ ਦਾ ਕਾਰਨ ਬਣ ਸਕਦੀਆਂ ਹਨ। ਇਸ ਨਾਲ ਪਹਿਲਾਂ ਮਿਲਣ ਵਾਲੀ ਲਚਕ ਕਾਫ਼ੀ ਹੱਦ ਤੱਕ ਖ਼ਤਮ ਹੋ ਜਾਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਇੰਗਲੈਂਡ ਦੇ ਪ੍ਰਸਿੱਧ ਇਮੀਗ੍ਰੇਸ਼ਨ ਵਕੀਲ ਸੀਤਲ ਸਿੰਘ ਗਿੱਲ ਨੇ ਕਿਹਾ, ‘‘ਇਹ ਨਿਯਮ ਪਰਿਵਾਰਾਂ ਦੇ ਵਿਛੋੜੇ ਦਾ ਖ਼ਤਰਾ ਪੈਦਾ ਕਰਦੇ ਹਨ ਅਤੇ ਇਸ ਦਾ ਸਭ ਤੋਂ ਵੱਧ ਭਾਵਨਾਤਮਕ ਤੇ ਮਨੋਵਿਗਿਆਨਕ ਪ੍ਰਭਾਵ ਬੱਚਿਆਂ ’ਤੇ ਪਵੇਗਾ। ਇਮੀਗ੍ਰੇਸ਼ਨ ਨੀਤੀ ਨਿਆਂਪੂਰਨ, ਸੰਤੁਲਿਤ ਅਤੇ ਪਰਿਵਾਰਕ ਹਕੀਕਤਾਂ ਪ੍ਰਤੀ ਸੰਵੇਦਨਸ਼ੀਲ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਦੱਖਣੀ ਏਸ਼ਿਆਈ, ਅਫਰੀਕੀ ਅਤੇ ਕੈਰੇਬੀਅਨ ਪਰਿਵਾਰਾਂ ’ਤੇ ਇਸ ਦਾ ਸਭ ਤੋਂ ਵੱਧ ਅਸਰ ਪੈਣ ਦਾ ਖ਼ਦਸ਼ਾ ਹੈ।

