ਵਾਤਾਵਰਨ ਤਬਦੀਲੀ ਹਕੀਕੀ ਤੇ ਕਰੀਬੀ ਸੰਕਟ: ਯਾਦਵ
ਵਾਤਾਵਰਨ ਮੰਤਰੀ ਨੇ ‘ਨੈੱਟ ਜ਼ੀਰੋ’ ਟੀਚੇ ਤੈਅ ਸਮਾਂ ਸੀਮਾ ਤੋਂ ਪਹਿਲਾਂ ਹਾਸਲ ਕਰਨ ਦਾ ਸੱਦਾ ਦਿੱਤਾ
ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਦਸੰਬਰ ਤੱਕ 2035 ਲਈ ਆਪਣਾ ਸੋਧਿਆ ਕੌਮੀ ਪੱਧਰ ’ਤੇ ਨਿਰਧਾਰਤ ਯੋਗਦਾਨ (ਐੱਨ ਸੀ ਡੀ) ਜਮ੍ਹਾਂ ਕਰੇਗਾ। ਉਨ੍ਹਾਂ ਵਿਕਸਿਤ ਮੁਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ‘ਨੈੱਟ ਜ਼ੀਰੋ’ ਟੀਚੇ ਮੌਜੂਦਾ ਸਮਾਂ ਸੀਮਾ ਤੋਂ ਕਾਫੀ ਪਹਿਲਾਂ ਹਾਸਲ ਕਰਨ।
ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ (ਸੀ ਓ ਪੀ30) ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਵਾਤਾਵਰਨ ਤਬਦੀਲੀ ‘ਅਸਲ ਤੇ ਕਰੀਬੀ ਸੰਕਟ’ ਹੈ ਜੋ ਅਸਥਿਰ ਵਿਕਾਸ ਤੇ ਵਾਧੇ ਦੇ ਰੁਝਾਨ ਤੋਂ ਪੈਦਾ ਹੋਇਆ ਹੈ। ਉਨ੍ਹਾਂ ਕਿਹਾ, ‘‘ਵਿਕਸਿਤ ਮੁਲਕਾਂ ਨੂੰ ਆਪਣੇ ਮੌਜੂਦਾ ਤੈਅ ਸਾਲਾਂ ਤੋਂ ਬਹੁਤ ਪਹਿਲਾਂ ਨੈੱਟ ਜ਼ੀਰੋ ਤੱਕ ਪਹੁੰਚਣਾ ਚਾਹੀਦਾ ਹੈ, ਪੈਰਿਸ ਸਮਝੌਤੇ ਦੀ ਧਾਰਾ 9.1 ਤਹਿਤ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਨਵੇਂ, ਵਧੀਕ ਤੇ ਰਿਆਇਤੀ ਜਲਵਾਯੂ ਵਿੱਤ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜਿਸ ਦਾ ਅਨੁਮਾਨ ਖਰਬਾਂ ਡਾਲਰਾਂ ’ਚ ਹੈ। ਹਾਲ ਹੀ ’ਚ ਸ਼ੁਰੂ ਕੀਤੀ ਪਰਮਾਣੂ ਮੁਹਿੰਮ ਅਤੇ ਗਰੀਨ ਹਾਈਡ੍ਰੋਜਨ ਮਿਸ਼ਨ ਨੇ ਭਾਰਤ ਦੀ 2070 ਤੱਕ ਨੈੱਟ ਜ਼ੀਰੋ ਹਾਸਲ ਕਰਨ ਦੀ ਯਾਤਰਾ ਹੋਰ ਤੇਜ਼ ਕੀਤੀ ਹੈ। ਅਸੀਂ 2035 ਤੱਕ ਦੇ ਸੋਧੇ ਹੋਏ ਐੱਨ ਡੀ ਸੀ ਤੇ ਆਪਣੀ ਪਹਿਲੀ ਦੋ ਸਾਲਾ ਪਾਰਦਰਸ਼ਤਾ ਰਿਪੋਰਟ ਵੀ ਜਾਰੀ ਕਰਾਂਗੇ।’’ ਸੀ ਓ ਪੀ30 ਦੇ ਮੇਜ਼ਬਾਨ ਬ੍ਰਾਜ਼ੀਲ ਨੇ ਕਈ ਮੁਲਕਾਂ ਦੇ ਆਗੂਆਂ ਨੂੰ ਪੱਤਰ ਲਿਖ ਕੇ ਸੰਭਾਵੀ ਸਮਝੌਤੇ ਦੇ ਕਈ ਪੱਖਾਂ ਬਾਰੇ ਚਰਚਾ ਕਰਨ ਨੂੰ ਕਿਹਾ ਹੈ ਤਾਂ ਜੋ ਸ਼ੁੱਕਰਵਾਰ ਨੂੰ ਹੋਣ ਵਾਲੇ ਸੰਮੇਲਨ ਦੇ ਆਖਰੀ ਫ਼ੈਸਲੇ ਤੋਂ ਪਹਿਲਾਂ ਬਹੁਤ ਕੁਝ ਤੈਅ ਹੋ ਜਾਵੇ।
ਮਜ਼ਬੂਤ ਆਲਮੀ ਭਾਈਵਾਲੀਆਂ ’ਤੇ ਜ਼ੋਰ
ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਸਨਅਤੀ ਤਬਦੀਲੀ ’ਚ ਤੇਜ਼ੀ ਲਿਆਉਣ ਲਈ ਮਜ਼ਬੂਤ ਆਲਮੀ ਭਾਈਵਾਲੀਆਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਸਨਅਤੀ ਉਪ ਉਤਪਾਦਾਂ ਦੇ ਮੁੱਲ ਨਿਰਮਾਣ ’ਤੇ ਕੇਂਦਰਿਤ ਨਵੇਂ ਕੌਮਾਂਤਰੀ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਲੀਡਰਸ਼ਿਪ ਗਰੁੱਪ ਫਾਰ ਇੰਡਸਟਰੀ ਟਰਾਂਜ਼ਿਸ਼ਨ (ਲੀਡ ਆਈ ਟੀ) ਦੇ ਸੈਸ਼ਨ ਦਾ ਸਹਿ-ਮੁਖੀ ਵਜੋਂ ਉਦਘਾਟਨ ਕੀਤਾ।

