ਥਾਈਲੈਂਡ ਤੇ ਕੰਬੋਡੀਆ ਵਿਚਾਲੇ ਝੜਪਾਂ ਤੀਜੇ ਦਿਨ ਵੀ ਜਾਰੀ
ਥਾਈਲੈਂਡ ਅਤੇ ਕੰਬੋਡੀਆ ਸਰਹੱਦ ’ਤੇ ਝੜਪਾਂ ਤੀਜੇ ਦਿਨ ਵੀ ਜਾਰੀ ਰਹੀਆਂ। ਤਾਜ਼ਾ ਹਮਲਿਆਂ ਨੂੰ ਲੈ ਕੇ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਸਰਹੱਦ ’ਤੇ ਪਿਛਲੇ ਤਿੰਨ ਦਿਨ ਤੋਂ ਜਾਰੀ ਸਰਹੱਦੀ ਟਕਰਾਅ ਕਾਰਨ ਹੁਣ ਤੱਕ ਘੱਟੋ-ਘੱਟ 33 ਜਣਿਆਂ ਦੀ ਮੌਤ ਹੋ ਗਈ ਅਤੇ 1,68,000 ਤੋਂ ਵੱਧ ਲੋਕ ਬੇਘਰ ਹੋ ਗਏ।
ਦੋਵਾਂ ਧਿਰਾਂ ’ਤੇ ਜੰਗਬੰਦੀ ਲਈ ਵਧਦੇ ਕੌਮਾਂਤਰੀ ਦਬਾਅ ਦਰਮਿਆਨ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਹਮਲੇ ਦੇ ਦੋਸ਼ ਲਾਏ ਹਨ। ਕਈ ਸਰਹੱਦੀ ਪਿੰਡਾਂ ਨੇੜੇ ਗੋਲਾਬਾਰੀ ਦੀਆਂ ਰਿਪੋਰਟਾਂ ਹਨ, ਜਿਸ ਕਾਰਨ ਲੜਾਈ ਦਾ ਘੇਰਾ ਵਧ ਗਿਆ ਹੈ। ਵੀਰਵਾਰ ਨੂੰ ਸਰਹੱਦ ’ਤੇ ਇੱਕ ਬਾਰੂਦੀ ਸੁਰੰਗ ਫਟਣ ਕਾਰਨ ਪੰਜ ਥਾਈ ਸੈਨਿਕ ਜ਼ਖ਼ਮੀ ਹੋ ਗਏ ਸਨ, ਜਿਸ ਮਗਰੋਂ ਦੋਵਾਂ ਦੇਸ਼ਾਂ ਦਰਮਿਆਨ ਝੜਪਾਂ ਮੁੜ ਸ਼ੁਰੂ ਹੋ ਗਈਆਂ। ਕੰਬੋਡੀਆ ਅਤੇ ਥਾਈ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਵੈ-ਰੱਖਿਆ ਵਿੱਚ ਕਾਰਵਾਈ ਕੀਤੀ ਹੈ। ਦੋਵਾਂ ਦੇਸ਼ਾਂ ਨੇ ਆਪੋ-ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਥਾਈਲੈਂਡ ਨੇ ਕੰਬੋਡੀਆ ਨਾਲ ਲੱਗਦੀਆਂ ਆਪਣੀ ਉੱਤਰ-ਪੂਰਬੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਕੰਬੋਡਿਆਈ ਅਧਿਕਾਰੀਆਂ ਨੇ ਅੱਜ ਕਿਹਾ ਕਿ ਤਾਜ਼ਾ ਝੜਪਾਂ ਵਿੱਚ 12 ਜਾਨਾਂ ਜਾਣ ਕਾਰਨ ਮੌਤਾਂ ਦੀ ਕੁੱਲ ਗਿਣਤੀ 13 ਹੋ ਗਈ , ਜਦਕਿ ਥਾਈ ਅਧਿਕਾਰੀਆਂ ਨੇ ਕਿਹਾ ਕਿ ਇੱਕ ਸਿਪਾਹੀ ਸਣੇ ਮੌਤਾਂ ਦੀ ਗਿਣਤੀ 20 ਹੋ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਹਨ। ਖੇਤਰੀ ਗੱਠਜੋੜ ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੈਸ਼ਨਜ਼ (ਆਸ਼ਿਆਨ) ਵੱਲੋਂ ਆਪਣੇ ਦੋਵਾਂ ਮੈਂਬਰ ਦੇਸ਼ਾਂ ਦਰਮਿਆਨ ਤਣਾਅ ਘਟਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਦੌਰਾਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮੈਂਬਰਾਂ ਨੇ ਤਣਾਅ ਘੱਟ ਕਰਨ ਦਾ ਸੱਦਾ ਦਿੱਤਾ ਅਤੇ ਆਸ਼ਿਆਨ ਨੂੰ ਸ਼ਾਂਤੀਪੂਰਵਕ ਹੱਲ ਲਈ ਵਿਚੋਲਗੀ ਕਰਵਾਉਣ ਦੀ ਅਪੀਲ ਕੀਤੀ। ਥਾਈਲੈਂਡ ਅਤੇ ਕੰਬੋਡੀਆ ਦਰਮਿਆਨ 800 ਕਿਲੋਮੀਟਰ ਲੰਮੀ ਸਰਹੱਦ ਵਿਵਾਦਤ ਰਹੀ ਹੈ।
ਕੰਬੋਡੀਆ ’ਚ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਨੋਮ ਪੈਨ: ਭਾਰਤ ਨੇ ਥਾਈਲੈਂਡ ਤੇ ਕੰਬੋਡੀਆ ਵਿਚ ਸਰਹੱਦੀ ਵਿਵਾਦ ਨੂੰ ਲੈ ਕੇ ਜਾਰੀ ਝੜਪਾਂ ਦਰਮਿਆਨ ਕੰਬੋਡੀਆ ਵਿਚਲੇ ਆਪਣੇ ਸਾਰੇ ਨਾਗਰਿਕਾਂ ਨੂੰ ਸਰਹੱਦੀ ਇਲਾਕਿਆਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਕੰਬੋਡੀਆ ਵਿਚ ਭਾਰਤੀ ਸਫ਼ਾਰਤਖਾਨੇ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘‘ਕੰਬੋਡੀਆ-ਥਾਈਲੈਂਡ ਸਰਹੱਦ ’ਤੇ ਜਾਰੀ ਟਕਰਾਅ ਦਰਮਿਆਨ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਰਹੱਦੀ ਇਲਾਕਿਆਂ ਦੀ ਯਾਤਰਾ ਤੋਂ ਬਚਣ।’’ -ਪੀਟੀਆਈ