ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਪਣੇ ਦੋ ਰੋਜ਼ਾ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਹੋਣ ਵਾਲੀ ਇਹ ਮੀਟਿੰਗ ਇਸ ਵਾਸਤੇ ਅਹਿਮ ਹੈ, ਕਿਉਂਕਿ ਇਹ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਮੋਦੀ ਦੇ ਚੀਨ ਦੇ ਪ੍ਰਸਤਾਵਿਤ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਵੇਗੀ।ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਵਾਂਗ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੱਖੋ-ਵੱਖਰੇ ਤੌਰ ’ਤੇ ਗੱਲਬਾਤ ਕਰਨਗੇ। ਇਸ ਦੌਰਾਨ ਦੋਵੇਂ ਧਿਰਾਂ ਸਰਹੱਦ ਦੇ ਹਾਲਾਤ, ਵਪਾਰ ਅਤੇ ਉਡਾਣ ਸੇਵਾਵਾਂ ਦੀ ਬਹਾਲੀ ਸਣੇ ਕਈ ਪ੍ਰਮੁੱਖ ਮੁੱਦਿਆਂ ’ਤੇ ਵਿਚਾਰ-ਚਰਚਾ ਕਰ ਸਕਦੇ ਹਨ। ਚੀਨੀ ਵਿਦੇਸ਼ ਮੰਤਰੀ ਦੇ ਦੌਰੇ ਨੂੰ ਦੋਵੇਂ ਗੁਆਂਢੀਆਂ ਵੱਲੋਂ ਆਪਣੇ ਸਬੰਧਾਂ ਨੂੰ ਮੁੜ ਤੋਂ ਸੁਧਾਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ। ਮਾਮਲੇ ਤੋਂ ਜਾਣੂ ਲੋਕਾਂ ਨੇ ਅੱਜ ਦੱਸਿਆ ਕਿ ਵਾਂਗ ਦੇ ਦੌਰੇ ਦੌਰਾਨ ਦੋਵੇਂ ਧਿਰਾਂ ਵਿਵਾਦਤ ਸਰਹੱਦ ’ਤੇ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਨਵੇਂ ਵਿਸ਼ਵਾਸ ਨਿਰਮਾਣ ਉਪਾਵਾਂ ਬਾਰੇ ਚਰਚਾ ਕਰ ਸਕਦੇ ਹਨ।