ਵਾਸ਼ਿੰਗਟਨ, 8 ਜੁਲਾਈ
ਚੀਨ ਵੱਲੋਂ ਆਪਣੇ ਵੀਜ਼ਾ ਨਿਯਮਾਂ ਵਿੱਚ ਇਤਿਹਾਸਕ ਪੱਧਰ ’ਤੇ ਢਿੱਲ ਦੇਣ ਮਗਰੋਂ ਵਿਦੇਸ਼ੀ ਸੈਲਾਨੀ ਇਸ ਏਸ਼ਿਆਈ ਦੇਸ਼ ਦੀ ਯਾਤਰਾ ਕਰ ਰਹੇ ਹਨ। ਹੁਣ 74 ਦੇਸ਼ਾਂ ਦੇ ਨਾਗਰਿਕ 30 ਦਿਨਾਂ ਲਈ ਬਿਨਾਂ ਵੀਜ਼ੇ ਦੇ ਚੀਨ ਦਾ ਦੌਰਾ ਕਰ ਸਕਦੇ ਹਨ। ਇਸ ਨੀਤੀ ਦਾ ਉਦੇਸ਼ ਸੈਰ-ਸਪਾਟੇ ਅਤੇ ਅਰਥਚਾਰੇ ਨੂੰ ਹੁਲਾਰਾ ਦੇਣਾ ਹੈ। ਪਿਛਲੇ ਸਾਲ ਦੋ ਕਰੋੜ ਤੋਂ ਵੱਧ ਲੋਕਾਂ ਨੇ ਬਿਨਾਂ ਵੀਜ਼ੇ ਦੇ ਚੀਨ ਦੀ ਯਾਤਰਾ ਕੀਤੀ ਸੀ। ਇਹ ਗਿਣਤੀ ਸਾਲ 2023 ਦੇ ਮੁਕਾਬਲੇ ਦੁੱਗਣੀ ਹੈ। ਵੀਜ਼ਾ ਨਿਯਮਾਂ ਵਿੱਚ ਢਿੱਲ ਦੇਣ ਮਗਰੋਂ ਵਿਦੇਸ਼ੀ ਸੈਲਾਨੀ ਹੁਣ ਚੀਨ ਜਾ ਰਹੇ ਹਨ। ਆਸਟਰੀਆ ਵਿੱਚ ਰਹਿ ਰਹੇ ਜਾਰਜੀਆ ਦੇ ਇੱਕ ਨਾਗਰਿਕ ਜਾਰਜੀ ਸ਼ਾਵਾਦਜ਼ੇ ਨੇ ਪੇਈਚਿੰਗ ਵਿੱਚ ‘ਟੈਂਪਲ ਆਫ ਹੈਵਨ’ ਦੀ ਆਪਣੀ ਹਾਲੀਆ ਯਾਤਰਾ ਬਾਰੇ ਕਿਹਾ, ‘‘ਇਸ ਨਾਲ ਯਾਤਰਾ ਸੌਖੀ ਹੋ ਗਈ ਹੈ ਕਿਉਂਕਿ ਵੀਜ਼ੇ ਲਈ ਅਰਜ਼ੀ ਦੇਣਾ ਅਤੇ ਪੂਰੀ ਪ੍ਰਕਿਰਿਆ ਵਿੱਚੋਂ ਲੰਘਣਾ ਇੱਕ ਮੁਸ਼ਕਲ ਕੰਮ ਸੀ।’’ ਜ਼ਿਆਦਾਤਰ ਸੈਰ-ਸਪਾਟਾ ਸਥਾਨ ਅਜੇ ਵੀ ਘਰੇਲੂ ਸੈਲਾਨੀਆਂ ਨਾਲ ਭਰੇ ਹੋਏ ਹਨ। ਹਾਲਾਂਕਿ, ਸੈਰ-ਸਪਾਟਾ ਉਦਯੋਗ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਲਈ ਤਿਆਰੀ ਵਿੱਚ ਜੁਟਿਆ ਹੋਇਆ ਹੈ। ਕਰੋਨਾ ਕਾਰਨ ਲਾਈਆਂ ਪਾਬੰਦੀਆਂ ਹਟਾਉਣ ਮਗਰੋਂ ਚੀਨ ਨੇ 2023 ਦੇ ਸ਼ੁਰੂ ਵਿੱਚ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਦਿੱਤੀਆਂ ਸਨ। ਉਸ ਸਾਲ ਸਿਰਫ਼ 1.38 ਕਰੋੜ ਲੋਕਾਂ ਨੇ ਹੀ ਚੀਨ ਦਾ ਦੌਰਾ ਕੀਤਾ। ਇਹ ਗਿਣਤੀ ਮਹਾਂਮਾਰੀ ਤੋਂ ਪਹਿਲਾਂ 2019 ਦੇ 3.19 ਕਰੋੜ ਦੇ ਅੰਕੜੇ ਤੋਂ ਅੱਧੇ ਤੋਂ ਵੀ ਘੱਟ ਹੈ। ਚੀਨ ਨੇ ਦਸੰਬਰ 2023 ਵਿੱਚ ਫਰਾਂਸ, ਜਰਮਨੀ, ਇਟਲੀ, ਨੈਦਰਲੈਂਡਜ਼, ਸਪੇਨ ਅਤੇ ਮਲੇਸ਼ੀਆ ਲਈ ਵੀਜ਼ਾ-ਮੁਕਤ ਯਾਤਰਾ ਦਾ ਐਲਾਨ ਕੀਤਾ ਸੀ। ਉਦੋਂ ਤੋਂ ਜ਼ਿਆਦਾਤਰ ਯੂਰਪੀਅਨ ਦੇਸ਼ਾਂ ਨੂੰ ਇਹ ਸਹੂਲਤ ਮਿਲ ਚੁੱਕੀ ਹੈ। ਹਾਲਾਂਕਿ, 16 ਜੁਲਾਈ ਨੂੰ ਅਜ਼ਰਬਾਇਜਾਨ ਦੇ ਜੁੜਨ ਨਾਲ ਇਹ ਗਿਣਤੀ 75 ਹੋ ਜਾਵੇਗੀ। -ਏਪੀ