Ceasefire in Gaza ਗਾਜ਼ਾ ਵਿੱਚ ਐਤਵਾਰ ਤੋਂ ਗੋਲੀਬੰਦੀ ਦਾ ਰਾਹ ਪੱਧਰਾ
ਤਲ ਅਵੀਵ, 17 ਜਨਵਰੀ
ਇਜ਼ਰਾਇਲੀ ਕੈਬਨਿਟ ਨੇ ਗਾਜ਼ਾ ਪੱਟੀ ’ਚ ਗੋਲੀਬੰਦੀ ਅਤੇ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਸਬੰਧੀ ਸਮਝੌਤੇ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਇਸ ਨਾਲ 15 ਮਹੀਨੇ ਤੋਂ ਜਾਰੀ ਜੰਗ ਐਤਵਾਰ ਤੋਂ ਰੁਕ ਜਾਵੇਗੀ ਅਤੇ ਸ਼ਾਂਤੀ ਵਾਰਤਾ ਦਾ ਰਾਹ ਪੱਧਰਾ ਹੋਵੇਗਾ। ਗੋਲੀਬੰਦੀ ਹੋਣ ਕਾਰਨ ਜੰਗ ’ਚ ਉੱਜੜੇ ਲੱਖਾਂ ਫਲਸਤੀਨੀਆਂ ਨੂੰ ਆਪਣੇ ਘਰਾਂ ਵੱਲ ਮੁੜਨ ਦਾ ਮੌਕਾ ਵੀ ਮਿਲੇਗਾ।
ਅਮਰੀਕਾ ਅਤੇ ਕਤਰ ਨੇ ਬੁੱਧਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਸਮਝੌਤਾ ਹੋ ਗਿਆ ਹੈ। ਕੈਬਨਿਟ ਮੀਟਿੰਗ ਤੋਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਕਿ ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਸਬੰਧੀ ਸਮਝੌਤੇ ’ਤੇ ਸਹਿਮਤੀ ਬਣ ਗਈ ਹੈ। ਇਕ ਦਿਨ ਪਹਿਲਾਂ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਸੀ ਕਿ ਗਾਜ਼ਾ ’ਚ ਜੰਗਬੰਦੀ ਅਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਬੰਦੀਆਂ ਨੂੰ ਰਿਹਾਅ ਕਰਨ ਲਈ ਗੱਲਬਾਤ ’ਚ ਆਖਰੀ ਸਮੇਂ ਵਿੱਚ ਅੜਿੱਕਾ ਪਿਆ ਸੀ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਗਾਜ਼ਾ ਤੋਂ ਬੰਦੀਆਂ ਦੀ ਵਾਪਸੀ ਲਈ ਇਕ ਵਿਸ਼ੇਸ਼ ਕਾਰਜ ਬਲ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਸਮਝੌਤਾ ਹੋ ਗਿਆ ਹੈ। ਉਨ੍ਹਾਂ ਬੰਦੀਆਂ ਦੇ ਰਿਹਾਅ ਹੋਣ ਮਗਰੋਂ ਇਲਾਜ ਲਈ ਹਸਪਤਾਲਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉੱਧਰ, ਫਲਸਤੀਨੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਹੁਣ ਤੱਕ ਜੰਗ ’ਚ 46,876 ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 110,642 ਜ਼ਖ਼ਮੀ ਹੋਏ ਹਨ। -ਏਪੀ