ਇਜ਼ਰਾਇਲੀ ਫ਼ੌਜ ਵੱਲੋਂ ਲੰਘੀ ਰਾਤ ਫ਼ਲਸਤੀਨੀ ਖੇਤਰ ਵਿੱਚ ਭਾਰੀ ਹਵਾਈ ਹਮਲੇ ਕੀਤੇ ਜਾਣ ਤੋਂ ਬਾਅਦ ਅੱਜ ਦਾਅਵਾ ਕੀਤਾ ਗਿਆ ਕਿ ਗਾਜ਼ਾ ਵਿੱਚ ਜੰਗਬੰਦੀ ਬਹਾਲ ਹੋ ਗਈ ਹੈ। ਸਥਾਨਕ ਹਸਪਤਾਲਾਂ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 104 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਔਰਤਾਂ ਅਤੇ 46 ਬੱਚੇ ਵੀ ਸ਼ਾਮਲ ਹਨ। 10 ਅਕਤੂਬਰ ਨੂੰ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਘਾਤਕ ਹਮਲੇ ਸਨ। ਗਾਜ਼ਾ ਸ਼ਹਿਰ ਦੇ ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੇਲਮੀਆ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਹਸਪਤਾਲ ਵਿੱਚ ਇਲਾਜ ਅਧੀਨ 45 ਵਿਅਕਤੀਆਂ ਵਿੱਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿੱਚ 20 ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ 21 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚ ਸੱਤ ਔਰਤਾਂ ਅਤੇ ਛੇ ਬੱਚੇ ਸ਼ਾਮਲ ਹਨ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ’ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸੇ ਕਰ ਕੇ ਫੌਜ ਨੂੰ ਗਾਜ਼ਾ ਉੱਤੇ ਘਾਤਕ ਹਮਲੇ ਕਰਨ ਦਾ ਹੁਕਮ ਦਿੱਤਾ। ਇਸ ਦੇ ਜਵਾਬ ਵਿੱਚ ਹਮਾਸ ਨੇ ਕਿਹਾ ਕਿ ਉਹ ਇੱਕ ਹੋਰ ਬੰਦੀ ਦੀ ਲਾਸ਼ ਸੌਂਪਣ ਵਿੱਚ ਦੇਰ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜੋ ਇਸ ਸਮੇਂ ਏਸ਼ੀਆ ਦੇ ਦੌਰੇ ’ਤੇ ਹਨ, ਨੇ ਹਮਲਿਆਂ ਦਾ ਪੱਖ ਪੂਰਦਿਆਂ ਕਿਹਾ ਕਿ ਇਜ਼ਰਾਈਲ ਦਾ ਅਜਿਹਾ ਕਰਨਾ ਜਾਇਜ਼ ਸੀ, ਕਿਉਂਕਿ ਉਨ੍ਹਾਂ ਮੁਤਾਬਕ ਇੱਕ ਘਟਨਾ ਵਿੱਚ ਹਮਾਸ ਨੇ ਗਾਜ਼ਾ ਦੇ ਸਭ ਤੋਂ ਦੱਖਣੀ ਸ਼ਹਿਰ ਰਫ਼ਾਹ ਵਿੱਚ ਗੋਲੀਬਾਰੀ ਦੌਰਾਨ ਇਜ਼ਰਾਇਲੀ ਸਿਪਾਹੀ ਨੂੰ ਮਾਰ ਦਿੱਤਾ ਸੀ; ਹਾਲਾਂਕਿ ਹਮਾਸ ਨੇ ਉਸ ਘਾਤਕ ਗੋਲੀਬਾਰੀ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਇਜ਼ਰਾਈਲ ’ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਇਆ ਹੈ।
ਇਜ਼ਰਾਇਲੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਅਗਲੇ ਹਫ਼ਤੇ
ਯੇਰੂਸ਼ਲਮ: ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਓਨ ਸਾਰ ਅਗਲੇ ਹਫ਼ਤੇ ਭਾਰਤ ਦੌਰਾ ਕਰਨਗੇ ਅਤੇ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਮੁਲਾਕਾਤ ਦੌਰਾਨ ਭਾਰਤ ਤੇ ਇਜ਼ਰਾਈਲ ਦੇ ਦੁਵੱਲੇ ਮੁੱਦਿਆਂ ਤੇ ਖੇਤਰੀ ਘਟਨਾਕ੍ਰਮਾਂ ’ਤੇ ਚਰਚਾ ਕਰਨਗੇ। ਇਜ਼ਰਾਈਲ ਦੇ ਇੱਕ ਸੂਤਰ ਨੇ ਦੱਸਿਆ, “ਗਿਡਿਓਨ ਸਾਰ 4 ਤੇ 5 ਨਵੰਬਰ ਨੂੰ ਨਵੀਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਜਾਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਅਤੇ ਹੋਰਨਾਂ ਨਾਲ ਮੁਲਾਕਾਤ ਕਰਨਗੇ।”

