ਲਿਵਰਪੂਲ ਦੀ ਵਿਕਟਰੀ ਪਰੇਡ ਵਿਚ ਵੜੀ ਕਾਰ, 50 ਜ਼ਖਮੀ
ਲਿਵਰਪੂਲ (ਇੰਗਲੈਂਡ) 27 ਮਈ
ਪ੍ਰੀਮੀਅਰ ਲੀਗ ਫੁਟਬਾਲ ਵਿਚ ਲਿਵਰਪੂਲ ਦੀ ਖਿਤਾਬੀ ਜਿੱਤ ਦੇ ਜਸ਼ਨ ਲਈ ਪ੍ਰਸ਼ੰਸਕਾਂ ਵੱਲੋਂ ਰੱਖੀ ‘ਵਿਕਟਰੀ ਪਰੇਡ’ ਵਿਚ ਕਾਰ ਜਾ ਵੜੀ ਜਿਸ ਕਾਰਨ 50 ਦੇ ਕਰੀਬ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ 27 ਵਿਅਕਤੀਆਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਲਿਵਰਪੂਲ ਖੇਤਰ ਦੇ ਇੱਕ 53 ਸਾਲਾ ਬ੍ਰਿਟਿਸ਼ ਵਜੋਂ ਦੱਸੀ ਗਈ ਹੈ। ਪੁਲੀਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਉਨ੍ਹਾਂ ਨੂੰ ਇਹ ਘਟਨਾ ਅਤਿਵਾਦ ਨਾਲ ਸਬੰਧਤ ਨਹੀਂ ਜਾਪਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ 20 ਲੋਕਾਂ ਦਾ ਮੌਕੇ ’ਤੇ ਇਲਾਜ ਕੀਤਾ ਗਿਆ ਹੈ। ਐਂਬੂਲੈਂਸ ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲ ਲਿਆਂਦੇ ਗਏ 27 ਲੋਕਾਂ ਵਿੱਚੋਂ ਚਾਰ ਬੱਚੇ ਸਨ। ਇੱਕ ਬੱਚਾ ਅਤੇ ਇੱਕ ਬਾਲਗ ਗੰਭੀਰ ਹਾਲਤ ਵਿੱਚ ਸੀ। ਇਸ ਦੌਰਾਨ ਗੱਡੀ ਦੇ ਹੇਠਾਂ ਫਸੇ ਚਾਰ ਵਿਅਕਤੀਆਂ ਨੂੰ ਫਾਇਰਫਾਈਟਰਾਂ ਵੱਲੋਂ ਕੱਢਿਆ ਗਿਆ।
ਇਸ ਸਬੰਧੀ ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓਜ਼ ਵਿਚ ਕਾਰ ਭਿਆਨਕ ਤਰੀਕੇ ਨਾਲ ਲੋਕਾਂ ਨਾਲ ਟਕਰਾ ਰਹੀ ਹੈ। ਜਦੋਂ ਕਾਰ ਰੁਕੀ ਤਾਂ ਗੁੱਸੇ ਵਿੱਚ ਆਏ ਇਕੱਠ ਨੇ ਖਿੜਕੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਡਰਾਈਵਰ ਤੱਕ ਪਹੁੰਚਣ ਤੋਂ ਰੋਕ ਦਿੱਤਾ।
ਡਿਪਟੀ ਚੀਫ਼ ਕਾਂਸਟੇਬਲ ਜੈਨੀ ਸਿਮਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਡਾ ਮੰਨਣਾ ਹੈ ਕਿ ਇਹ ਇੱਕ ਵੱਖਰੀ ਘਟਨਾ ਹੈ ਅਤੇ ਅਸੀਂ ਹਾਲ ਦੀ ਘੜੀ ਕਿਸੇ ਹੋਰ ਤੱਥ ਦੀ ਭਾਲ ਨਹੀਂ ਕਰ ਰਹੇ ਹਾਂ। ਇਸ ਘਟਨਾ ਨੂੰ ਅਤਿਵਾਦ ਨਹੀਂ ਮੰਨਿਆ ਜਾ ਰਿਹਾ ਹੈ।’’ ਲਿਵਰਪੂਲ ਸਿਟੀ ਕੌਂਸਲ ਦੇ ਆਗੂ ਲੀਅਮ ਰੌਬਿਨਸਨ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਇਸ ਘਟਨਾ ਨੇ ਖ਼ੁਸ਼ੀ ਭਰੇ ਮਾਹੌਲ ਨੂੰ ਗ਼ਮਗੀਨ ਕਰ ਦਿੱਤਾ।