ਕੈਨੇਡੀਅਨ ਅਧਿਕਾਰੀ ਵੱਲੋਂ ਭਾਰਤ ਸਰਕਾਰ ਵਿਰੁੱਧ ਮਾਣਹਾਨੀ ਦਾ ਦਾਅਵਾ
ਭਾਰਤੀ ਮੀਡੀਆ ’ਤੇ ਅਤਿਵਾਦੀ ਤੇ ਖ਼ਾਲਿਸਤਾਨੀ ਸਮਰਥਕ ਗਰਦਾਨਣ ਦਾ ਦੋਸ਼ ਲਾਇਆ; ਸੀ ਬੀ ਐੱਸ ਏ ਸੁਪਰਡੈਂਟ ਨੇ ਕੈਨੇਡਾ ਸਰਕਾਰ ਨੂੰ ਧਿਰ ਬਣਾਇਆ
ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ ਬੀ ਐੱਸ ਏ) ਦੇ ਸੁਪਰਡੈਂਟ ਸੰਦੀਪ ਸਿੰਘ ਸਿੱਧੂ ਉਰਫ਼ ਸੰਨੀ ਨੇ ਭਾਰਤ ਸਰਕਾਰ ਵਿਰੁੱਧ 9 ਕਰੋੜ ਡਾਲਰ (550 ਕਰੋੜ ਰੁਪਏ) ਦਾ ਮਾਣਹਾਨੀ ਦਾਅਵਾ ਠੋਕਿਆ ਹੈ।
ਉਂਟਾਰੀਓ ਦੀ ਅਦਾਲਤ ਵਿੱਚ ਦਾਖਲ ਅਰਜ਼ੀ ’ਚ ਸੰਨੀ ਨੇ ਦਾਅਵਾ ਕੀਤਾ ਹੈ ਕਿਹਾ ਕਿ ਭਾਰਤੀ ਮੀਡੀਆ ਵੱਲੋਂ ਪਿਛਲੇ ਸਾਲ ਉਸ ਨੂੰ ਕੱਟੜ ਅਤਿਵਾਦੀ, ਖਾਲਿਸਤਾਨੀ ਸਮਰਥਕ ਤੇ ਕੈਨੇਡਾ ਦਾ ਅਤਿ ਲੋੜੀਂਦਾ ਭਗੌੜਾ ਗਰਦਾਨ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਮਾਮਲੇ ’ਚ ਕੈਨੇਡਾ ਸਰਕਾਰ ਨੂੰ ਵੀ ਧਿਰ ਬਣਾਇਆ ਹੈ, ਕਿਉਂਕਿ ਉਹ ਵਿਦੇਸ਼ੀ ਸਰਕਾਰ ਤੇ ਉਸ ਦੇ ਮੀਡੀਆ ਅਦਾਰਿਆਂ ਵੱਲੋਂ ਖਾਸ ਮਕਸਦ ਨੂੰ ਲੈ ਕੇ ਕੀਤਾ ਬੇਬੁਨਿਆਦ ਪ੍ਰਚਾਰ ਰੋਕਣ ’ਚ ਅਸਫਲ ਰਹੀ। ਸੁਪਰਡੈਂਟ ਸੰਦੀਪ ਸਿੰਘ ਨੇ ਵਕੀਲ ਜੈਫ਼ਰੀ ਕਰੋਕਰ ਰਾਹੀਂ ਦਾਇਰ ਮਾਣਹਾਨੀ ਮੁਕੱਦਮੇ ’ਚ ਉਸ ਨੂੰ ਅਤਿਵਾਦੀ ਪ੍ਰਚਾਰ ਕੇ ਮਾਨਸਿਕ ਪ੍ਰੇਸ਼ਾਨ ਅਤੇ ਬਦਨਾਮ ਕੀਤੇ ਜਾਣ ਦੇ ਵੇਰਵੇ ਦਿੱਤੇ ਹਨ। ਉਸ ਨੇ ਕਿਹਾ ਹੈ ਕਿ ਕੈਨੇਡਾ ਦੀ ਬਾਰਡਰ ਏਜੰਸੀ ’ਚ ਉੱਚ ਅਹੁਦੇ ’ਤੇ ਡਿਊਟੀ ਨਿਭਾਉਂਦੇ ਹੋਏ ਵੀ ਉਸ ਨੂੰ ਭਗੌੜਾ ਕਰਾਰ ਦੇ ਕੇ ਭੰਡਿਆ ਗਿਆ। ਸਮਾਜਿਕ ਬਦਨਾਮੀ, ਪ੍ਰੇਸ਼ਾਨੀ ਅਤੇ ਅਸੁਰੱਖਿਆ ਕਾਰਨ ਉਹ ਨਸ਼ਿਆਂ ’ਚ ਪੈ ਗਿਆ ਤੇ ਆਖ਼ਰ ਵੈਨਕੂਵਰ ਦੇ ਹਸਪਤਾਲ ’ਚ ਕਈ ਮਹੀਨੇ ਦਾਖਲ ਰਹਿਣ ਮਗਰੋਂ ਪਰਤਿਆ। ਉਸ ਨੇ ਦਾਅਵੇ ’ਚ ਦਸਤਾਵੇਜ਼ੀ ਸਬੂਤ ਨੱਥੀ ਕੀਤੇ ਹਨ, ਜਿੱਥੇ ਦੇਸ਼ ਦੀ ਪ੍ਰਮੁੱਖ ਸੁਰੱਖਿਆ ਏਜੰਸੀ ਨੇ ਮੰਨਿਆ ਹੈ ਕਿ ਭਾਰਤ ਸਰਕਾਰ ਨੇ ਕੈਨੇਡਾ ’ਚ ਬੇਲੋੜੀ ਦਖਲਅੰਦਾਜ਼ੀ ਕੀਤੀ, ਨਤੀਜੇ ਵਜੋਂ ਜਸਟਿਨ ਟਰੂਡੋ ਸਰਕਾਰ ਨੂੰ 6 ਭਾਰਤੀ ਦੂਤ ਵਾਪਸ ਭੇਜਣੇ ਪਏ ਸਨ। ਸੰਨੀ ਦੇ ਵਕੀਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਭਾਰਤ ਨਾਲ ਸਾਂਝ ਦਾ ਹੱਥ ਵਧਾਉਣ ਨਾਲ ਉਸ ਦੇ ਮੁਵੱਕਿਲ ਦੀ ਹੋਈ ਬੇਇੱਜ਼ਤੀ ਹੋਈ ਹੈ।

