ਕੈਨੇਡਾ: ਦੋ ਕਰੋੜ ਦੀ ਸ਼ਰਾਬ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 19 ਜੂਨ
ਪੀਲ ਪੁਲੀਸ ਨੇ ਕੁਝ ਮਹੀਨੇ ਪਹਿਲਾਂ ਕੁਝ ਸ਼ਰਾਬ ਠੇਕਿਆਂ ਤੋਂ ਲੁੱਟੀ ਗਈ 3 ਲੱਖ ਡਾਲਰ (ਦੋ ਕਰੋੜ ਰੁਪਏ) ਮੁੱਲ ਦੀ ਮਹਿੰਗੀ ਸ਼ਰਾਬ ਦੇ ਕਈ ਮਾਮਲਿਆਂ ’ਚ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸਿਮਰਪ੍ਰੀਤ ਸਿੰਘ ਤੇ ਅਨੁਜ ਕੁਮਾਰ ਵਜੋਂ ਦੱਸੀ ਗਈ ਹੈ। ਪੁਲੀਸ ਅਨੁਸਾਰ ਗਰੋਹ ਨੇ ਸ਼ਰਾਬ ਕਿਸੇ ਠੇਕੇ ਤੋਂ ਜਬਰੀ ਲੁੱਟ ਕੀਤੀ ਤੇ ਕਿਸੇ ਤੋਂ ਚੋਰੀ ਕੀਤੀ ਸੀ।
ਗਰੋਹ ਦੇ ਮੈਂਬਰ ਠੇਕਿਆਂ ਦੇ ਮੁਲਾਜ਼ਮਾਂ ਵੱਲੋਂ ਲੁੱਟ ਦਾ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਹੱਥੋਪਾਈ ਕਰਕੇ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਤਿੰਨ ਠੇਕਿਆਂ ਤੇ ਮੁਲਾਜ਼ਮਾਂ ਨੂੰ ਜ਼ਖ਼ਮੀ ਵੀ ਕੀਤਾ ਗਿਆ ਸੀ। ਇਹ ਦੋਵੇਂ ਪਹਿਲਾਂ ਨਸ਼ਿਆਂ ਦੇ ਚਾਰ ਕੇਸਾਂ ’ਚ ਵੀ ਲੋੜੀਂਦੇ ਸਨ ਤੇ ਕੁਝ ਮਾਮਲਿਆਂ ’ਚ ਜ਼ਮਾਨਤ ਲੈ ਕੇ ਭਗੌੜੇ ਹੋ ਗਏ ਸਨ।
ਪੁਲੀਸ ਮੁਤਾਬਕ ਗਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲੀਸ ਨੇ ਕਿਹਾ ਕਿ ਇਨ੍ਹਾਂ ਤੋਂ ਪੁੱਛ ਪੜਤਾਲ ਕਰਕੇ ਇਨ੍ਹਾਂ ਦੀ ਹੋਰ ਜੁਰਮਾਂ ’ਚ ਸ਼ਮੂਲੀਅਤ ਦਾ ਵੀ ਪਤਾ ਲਾਇਆ ਜਾਏਗਾ। ਗੌਰਤਲਬ ਹੈ ਕਿ ਓਂਟਾਰੀਓ ਵਿੱਚ ਸ਼ਰਾਬ ਵਿਕਰੀ ਦਾ ਕੰਟਰੋਲ ਸਰਕਾਰ ਕੋਲ ਹੈ ਤੇ ਸਾਰੇ ਠੇਕੇ ਸਰਕਾਰੀ ਮਾਲਕੀ ਵਾਲੇ ਹੁੰਦੇ ਹਨ।