ਕੈਨੇਡਾ ਨੇ ਨਿੱਝਰ ਦੀ ਹੱਤਿਆ ਸਬੰਧੀ ਭਾਰਤ ਨਾਲ ਸਾਂਝੇ ਕੀਤੇ ਸਨ ਸਬੂਤ: ਟਰੂਡੋ
ਟੋਰਾਂਟੋ, 23 ਸਤੰਬਰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਭਰੋਸੇਯੋਗ ਦੋਸ਼ਾਂ’ ਦੇ ਸਬੂਤ ਭਾਰਤ ਨਾਲ ਕਈ ਹਫ਼ਤੇ ਪਹਿਲਾਂ ਸਾਂਝੇ ਕੀਤੇ ਸਨ। ਉਨ੍ਹਾਂ ਕਿਹਾ ਕਿ ਕੈਨੇਡਾ ਚਾਹੁੰਦਾ ਹੈ ਕਿ ਭਾਰਤ ਇਸ ਗੰਭੀਰ ਮਾਮਲੇ ’ਚ ਤੱਥ ਜੁਟਾਉਣ ਲਈ ਉਸਾਰੂ ਭੂਮਿਕਾ ਨਿਭਾਏ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ,‘‘ਮੈਂ ਸਿਰਫ਼ ਇੰਨਾ ਆਖਣਾ ਚਾਹੁੰਦਾ ਹਾਂ ਕਿ ਕੈਨੇਡਾ ਨੇ ਦੋਸ਼ਾਂ ਦੇ ਸਬੂਤ ਕਈ ਹਫ਼ਤੇ ਪਹਿਲਾਂ ਭਾਰਤ ਨਾਲ ਸਾਂਝੇ ਕੀਤੇ ਸਨ। ਅਸੀਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਭਾਰਤ ਨਾਲ ਇਸ ਮੁੱਦੇ ’ਤੇ ਰਲ ਕੇ ਕੰਮ ਕਰਨ ਲਈ ਤਿਆਰ ਹਾਂ।’’ ਇਕ ਸਵਾਲ ਦੇ ਜਵਾਬ ’ਚ ਟਰੂਡੋ ਨੇ ਆਸ ਜਤਾਈ ਕਿ ਭਾਰਤ ਉਨ੍ਹਾਂ ਦੇ ਮੁਲਕ ਨਾਲ ਰਲ ਕੇ ਕੰਮ ਕਰੇਗਾ ਤਾਂ ਜੋ ਇਸ ਬਹੁਤ ਹੀ ਗੰਭੀਰ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਉਂਜ ਕੈਨੇਡਾ ਸਰਕਾਰ ਨੇ ਅਜੇ ਤੱਕ ਕੋਈ ਵੀ ਸਬੂਤ ਸਾਂਝਾ ਨਹੀਂ ਕੀਤਾ ਹੈ ਅਤੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੌਰਾਨ ਸਭ ਕੁਝ ਸਾਹਮਣੇ ਆ ਸਕਦਾ ਹੈ। ਉਧਰ ਦਿੱਲੀ ’ਚ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਸੀ ਕਿ ਕੈਨੇਡਾ ਨੇ ਨਿੱਝਰ ਮਾਮਲੇ ’ਚ ਕੋਈ ਵੀ ਪੁਖ਼ਤਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਨਵੀਂ ਦਿੱਲੀ ’ਚ ਕਿਹਾ ਕਿ ਇਸ ਬਾਰੇ ਕੈਨੇਡਾ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਭਾਰਤ ਪੁਖ਼ਤਾ ਜਾਣਕਾਰੀ ਮਿਲਣ ਦੀ ਉਡੀਕ ਕਰ ਰਿਹਾ ਹੈ ਪਰ ਅਜੇ ਤੱਕ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਭਾਰਤ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਦੀ ਧਰਤੀ ਤੋਂ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਅਨਸਰਾਂ ਦੇ ਪੁਖ਼ਤਾ ਸਬੂਤਾਂ ਬਾਰੇ ਉਨ੍ਹਾਂ ਦੇ ਅਧਿਕਾਰੀਆਂ ਨਾਲ ਨਿਯਮਤ ਆਧਾਰ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਉਨ੍ਹਾਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। -ਪੀਟੀਆਈ
ਟਰੂਡੋ ਵੱਲੋਂ ਭਾਰਤ ਖ਼ਿਲਾਫ਼ ਲਾਏ ਗਏ ਦੋਸ਼ਾਂ ਤੋਂ ਅਮਰੀਕਾ ਚਿੰਤਤ: ਬਲਿੰਕਨ
ਨਿਊਯਾਰਕ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਵੱਖਵਾਦੀ ਦੀ ਕੈਨੇਡਾ ’ਚ ਹੱਤਿਆ ਦੇ ਮਾਮਲੇ ’ਚ ਭਾਰਤ ਖ਼ਿਲਾਫ਼ ਲਾਏ ਗਏ ਦੋਸ਼ਾਂ ਤੋਂ ਉਨ੍ਹਾਂ ਦਾ ਮੁਲਕ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮੁੱਦੇ ’ਤੇ ਕੈਨੇਡਾ ਨਾਲ ਨੇੜਿਓਂ ਤਾਲਮੇਲ ਬਣਾ ਕੇ ਕੰਮ ਕਰ ਰਿਹਾ ਹੈ ਅਤੇ ਉਹ ਇਸ ਕੇਸ ’ਚ ‘ਜਵਾਬਦੇਹੀ’ ਚਾਹੁੰਦਾ ਹੈ। ਬਲਿੰਕਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਨੇ ਇਸ ਮੁੱਦੇ ’ਤੇ ਭਾਰਤ ਸਰਕਾਰ ਨਾਲ ਸਿੱਧਾ ਰਾਬਤਾ ਬਣਾਇਆ ਹੋਇਆ ਹੈ ਅਤੇ ਸਭ ਤੋਂ ਉਸਾਰੂ ਗੱਲ ਇਸ ਮਾਮਲੇ ਦੀ ਜਾਂਚ ਮੁਕੰਮਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵੀ ਕੈਨੇਡਾ ਨਾਲ ਜਾਂਚ ’ਚ ਸਹਿਯੋਗ ਕਰਨਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਿੱਝਰ ਦੀ ਹੱਤਿਆ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਿੱਜੀ ਤੌਰ ’ਤੇ ਚੁੱਕਣ ਦੀਆਂ ਰਿਪੋਰਟਾਂ ਬਾਰੇ ਬਲਿੰਕਨ ਨੇ ਕਿਹਾ ਕਿ ਕੂਟਨੀਤਕ ਪੱਧਰ ’ਤੇ ਹੁੰਦੀ ਗੱਲਬਾਤ ਬਾਰੇ ਉਹ ਕੁਝ ਵੀ ਨਹੀਂ ਆਖਣਗੇ। ਬਲਿੰਕਨ ਨੇ ਕਿਹਾ ਕਿ ਕਿਸੇ ਦੂਜੇ ਮੁਲਕ ’ਚ ਜਬਰ ਨੂੰ ਅਮਰੀਕਾ ਗੰਭੀਰਤਾ ਨਾਲ ਲੈਂਦਾ ਹੈ ਅਤੇ ਕਿਸੇ ਵੀ ਮੁਲਕ ਨੂੰ ਦੂਜੇ ’ਚ ਅਜਿਹੀਆਂ ਕਾਰਵਾਈਆਂ ’ਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ। ਉਧਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ ਪੀਅਰੇ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨਾਲ ਸਿੱਖ ਵੱਖਵਾਦੀ ਆਗੂ ਦੀ ਕੈਨੇਡੀਅਨ ਧਰਤੀ ’ਤੇ ਹੱਤਿਆ ਦੇ ਮਾਮਲੇ ’ਚ ਸੰਪਰਕ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡੀਅਨ ਸਰਕਾਰ ਦੇ ਸੰਪਰਕ ’ਚ ਵੀ ਹੈ। ਉਨ੍ਹਾਂ ਵੀ ਕੂਟਨੀਤਕ ਪੱਧਰ ’ਤੇ ਹੁੰਦੀ ਗੱਲਬਾਤ ਬਾਰੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਕੈਨੇਡਾ ’ਚ ਅਮਰੀਕੀ ਸਫ਼ੀਰ ਡੇਵਿਡ ਕੋਹੇਨ ਦੇ ਹਵਾਲੇ ਨਾਲ ਸੀਟੀਵੀ ਨਿਊਜ਼ ਚੈਨਲ ਨੇ ਕਿਹਾ ਕਿ ਫਾਈਵ ਆਈਜ਼ ਪਾਰਟਨਰਾਂ ਨੇ ਕੈਨੇਡਾ ਨੂੰ ਪਹਿਲਾਂ ਹੀ ਸਾਰੇ ਮਾਮਲੇ ਦੀ ਖ਼ੁਫ਼ੀਆ ਜਾਣਕਾਰੀ ਦੇ ਦਿੱਤੀ ਸੀ। -ਪੀਟੀਆਈ